ਜਲੰਧਰ (ਅਰੋੜਾ) :- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਦੇ ਮਾਣਮੱਤੇ ਪਲਾਂ ਵਿੱਚ ਉਸ ਸਮੇਂ ਹੋਰ ਵੀ ਇਜਾਫਾ ਹੋ ਗਿਆ ਜਦੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ (ਕੈਲਗਰੀ, ਕਨੇਡਾ) ਦਲਵਿੰਦਰ ਗਿੱਲ ਕਾਲਜ ਵਿੱਚ ਉਚੇਚੇ ਤੌਰ ਤੇ ਪਹੁੰਚੇ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਬੜੈਚ, ਮੀਤ ਪ੍ਰਧਾਨ ਸ. ਦੀਪਇੰਦਰ ਸਿੰਘ ਪੁਰੇਵਾਲ, ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ, ਸਾਬਕਾ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ ਨੇ ਫੁੱਲਾਂ ਦੇ ਗੁਲਦਸਤੇ ਅਤੇ ਲੋਈ ਭੇਟ ਕਰਕੇ ਸ. ਦਲਵਿੰਦਰ ਗਿੱਲ ਦਾ ਸਨਮਾਨ ਕੀਤਾ। ਇਸ ਮੌਕੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਅਜਿਹੇ ਹੋਣਹਾਰ ਵਿਦਿਆਰਥੀ ਕਾਲਜ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਦੇ ਹਨ , ਅਸੀਂ ਇਹਨਾਂ ਦੇ ਹੋਰ ਵੀ ਚੰਗੇਰੇ ਭਵਿੱਖ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ. ਦਲਵਿੰਦਰ ਗਿੱਲ ਨੇ ਬੀ.ਐਸਸੀ ਤੋਂ ਬਾਅਦ ਐਮ.ਐਸਸੀ ਗਣਿਤ ਦੀ ਡਿਗਰੀ 1992-94 ਦੌਰਾਨ ਇਸੇ ਕਾਲਜ ਤੋਂ ਪ੍ਰਾਪਤ ਕੀਤੀ। ਆਪਣੇ ਸਮੇਂ ਉਹ ਬਹੁਤ ਹੀ ਸੁਹਿਰਦ ਅਤੇ ਅਨੁਸ਼ਾਸ਼ਿਤ ਵਿਦਿਆਰਥੀ ਰਹੇ ਹਨ।



ਇਹੀ ਅਨੁਸ਼ਾਸਨ ਉਨਾਂ ਦੇ ਜੀਵਨ ਨੂੰ ਉਚ ਅਹੁਦੇ ਉੱਪਰ ਲੈ ਕੇ ਗਿਆ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਇਮਾਨਦਾਰੀ ਅਤੇ ਪਾਰਦਰਸ਼ੀ ਵਿਵਹਾਰ ਉਹਨਾਂ ਦੀ ਇਨਸਾਨੀਅਤਵਾਦੀ ਸੋਚ ਦੀ ਗਵਾਹੀ ਭਰਦੇ ਹਨ। ਸ. ਦਲਵਿੰਦਰ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਾਲਜ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਉਹਨਾਂ ਦੱਸਿਆ ਕਿ ਉਹ ਅੱਜ ਜੋ ਵੀ ਹਨ ਲਾਇਲਪੁਰ ਖਾਲਸਾ ਕਾਲਜ ਦੀ ਦੇਣ ਹਨ। ਉਹ ਸਦਾ ਕਾਲਜ ਨੂੰ ਨਮਨ ਕਰਦੇ ਰਹਿੰਦੇ ਹਨ। ਇਸ ਮੌਕੇ ਸ. ਦਲਵਿੰਦਰ ਗਿੱਲ ਦੇ ਨਾਲ ਸ. ਜਸਰਾਜ ਸਿੰਘ ਹਾਲਨ ਕਨੇਡੀਅਨ ਸੰਸਦ ਮੈਂਬਰ ਨੇ ਵੀ ਹਾਜ਼ਰ ਹੋਣਾ ਸੀ ਪ੍ਰੰਤੂ ਅਚਨਚੇਤੀ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ। ਉਹਨਾਂ ਦਾ ਸਨਮਾਨ ਵੀ ਸ. ਦਲਵਿੰਦਰ ਗਿੱਲ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਪ੍ਰੋਫੈਸਰ ਸਾਹਿਬਾਨ, ਨਾਨ-ਟੀਚਿੰਗ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਸਟੇਜ ਦੀ ਕਾਰਵਾਈ ਡਾ. ਹਰਜਿੰਦਰ ਸਿੰਘ ਸੇਖੋਂ ਨੇ ਬਖੂਬੀ ਨਿਭਾਈ। ਬਾਅਦ ਵਿੱਚ ਦਲਵਿੰਦਰ ਗਿੱਲ, ਪ੍ਰਿੰਸੀ. ਡਾ. ਰਸ਼ਪਾਲ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸ. ਦੀਪਿੰਦਰ ਸਿੰਘ ਪੁਰੇਵਾਲ ਸਮੇਤ ਸਾਰੇ ਹਾਜ਼ਰੀਨ ਕਾਲਜ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਗਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ
JiwanJotSavera