ਭਾਜਪਾ ਵਰਨਵੰਡ ਕਰਵਾ ਰਹੀ ਹੈ ਤੇ ਪੰਜਾਬ ’ਚ ਡੇਰਾਵਾਦ ਫੈਲਾ ਰਹੀ ਹੈ- ਕਾਮਰੇਡ ਸੇਖੋਂ

ਪੰਜਾਬ ਸਰਕਾਰ ਵੱਲੋਂ ਸੂਬੇ ਦਾ ਪੈਸਾ ਪੰਜਾਬ ਤੋਂ ਬਾਹਰ ਰੋੜ੍ਹਿਆ ਜਾ ਰਿਹਾ ਹੈ

ਜਲੰਧਰ (ਅਰੋੜਾ) :- ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਕਰਨ ਦੀ ਬਜਾਏ ਇਕੱਲਿਆਂ ਹੀ ਲੜਣ ਦਾ ਐਲਾਨ ਕੀਤਾ ਹੈ। ਇਸ ਨਾਲ ਅਕਾਲੀ ਦਲ ਦਾ ਭੁਲੇਖਾ ਵੀ ਦੂਰ ਹੋ ਗਿਆ ਹੈ। ਇਹ ਵਿਚਾਰ ਸੀ ਪੀ ਆਈ (ਐੱਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਹੇ। ਉਹਨਾਂ ਇੰਕਸਾਫ਼ ਕੀਤਾ ਕਿ ਜੇ ਦੋਵਾਂ ਪਾਰਟੀਆਂ ਦਾ ਸਮਝੌਤਾ ਹੋਇਆ ਤਾਂ ਉਹ ਨਾ ਪੰਜਾਬ ਦੇ ਹਿਤ ਵਿੱਚ ਹੋਵੇਗਾ ਅਤੇ ਨਾ ਹੀ ਗੁਰੂ ਨਾਨਕ ਦੇ ਫ਼ਲਸਫ਼ੇ ਦੇ ਅਨੁਕੂਲ ਹੋਵੇਗਾ। ਕਾਮਰੇਡ ਸੇਖੋਂ ਨੇ ਕਿਹਾ ਕਿ ਗੁਰੂ ਨਾਨਕ ਦਾ ਫ਼ਲਸਫਾ ‘ਸਭੈ ਸਾਝੀਵਾਲ ਸਦਾਇਣ, ਕੋਈ ਨਾ ਦਿਸੈ ਬਾਹਰਾ ਜੀਓ’ ਵਾਲਾ ਹੈ, ਜਦੋਂ ਕਿ ਭਾਜਪਾ ਵਰਨਵੰਡ ਕਰਵਾ ਰਹੀ ਹੈ ਅਤੇ ਪੰਜਾਬ ਵਿੱਚ ਡੇਰਾਵਾਦ ਫੈਲਾ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ’ਚ ਲਾਹਾ ਲੈਣ ਲਈ ਪੰਜਾਬੀਆਂ ਦੇ ਹੱਕ ਵਿੱਚ ਮਗਰਮੱਛ ਵਾਂਗ ਹੰਝੂ ਵਹਾਉਣ ਵਾਲੀ ਭਾਜਪਾ ਤੇ ਆਰ ਐੱਸ ਐੱਸ ਦਿੱਲੀ ਦੰਗਿਆਂ ਸਮੇਂ ਕਿਥੇ ਸੀ? ਇੱਥੇ ਹੀ ਬੱਸ ਨਹੀਂ ਉਸ ਸਮੇਂ ਤਾਂ ਭਾਜਪਾ ਨੇ ਕਿਹਾ ਸੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਵੀ ਉਹਨਾਂ ਕਰਵਾਇਆ ਹੈ, ਜਿਸ ਬਾਰੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਪੁਸਤਕ ‘ਮਾਈ ਕੰਟਰੀ ਮਾਈ ਲਾਈਫ਼’ ਵਿੱਚ ਦਰਜ਼ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਜੇਕਰ ਭਾਜਪਾ ਤੇ ਅਕਾਲੀ ਦਲ ਵੱਖ ਵੱਖ ਤੌਰ ਤੇ ਵਿਧਾਨ ਸਭਾ ਚੋਣਾਂ ਲੜਣਗੇ ਤਾਂ ਸਪਸ਼ਟ ਹੋ ਜਾਵੇਗਾ ਕਿ ਕਿਸਦੇ ਪੱਲੇ ਕੀ ਹੈ ?
ਸੂਬਾ ਸਕੱਤਰ ਨੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਾਇਆ ਕਿ ਉਸਨੇ ਚੋਣਾਂ ਤੋਂ ਪਹਿਲਾਂ ਕੀਤੇ ਕਿਸੇ ਵਾਅਦੇ ਨੂੰ ਵੀ ਪੂਰਾ ਨਹੀਂ ਕੀਤਾ। ਸਗੋਂ ਵਾਅਦੇ ਪੂਰੇ ਕਰਨ ਦਾ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਪੰਜਾਬ ਦੇ ਹਿਤਾਂ ਨੂੰ ਦਿੱਲੀ ਜਾਂ ਹੋਰ ਰਾਜਾਂ ਕੋਲ ਵੇਚ ਰਹੀ ਹੈ। ਉਹਨਾਂ ਦੱਸਿਆ ਕਿ ਅਨੰਦਪੁਰ ਸਾਹਿਬ ਮੇਲੇ ਤੇ ਲੱਗੇ ਟੈਂਟ ਤੇ ਕਰੀਬ 52 ਕਰੋੜ ਖ਼ਰਚ ਕੀਤਾ ਗਿਆ ਅਤੇ ਮੁਕਤਸਰ ਦੇ ਮਾਘੀ ਮੇਲੇ ਤੇ ਕਰੀਬ 3 ਕਰੋੜ ਰੁਪਏ ਖ਼ਰਚ ਕੀਤੇ, ਇਹਨਾਂ ਮੇਲਿਆਂ ਤੇ ਟੈਂਟ ਦਿੱਲੀ ਤੋਂ ਲਿਆਂਦਾ ਗਿਆ। ਪੰਜਾਬ ਸਰਕਾਰ ਨੇ ਤੀਰਥ ਯਾਤਰਾ ਸੁਰੂ ਕੀਤੀ ਤਾਂ ਇਸ ਲਈ ਬੱਸਾਂ ਵੀ ਦਿੱਲੀ ਜਾਂ ਯੂ ਪੀ ਤੋਂ ਮੰਗਵਾਈਆਂ ਗਈਆਂ। ਇਸ ਤਰ੍ਹਾਂ ਪੰਜਾਬ ਦਾ ਪੈਸਾ ਰਾਜ ਤੋਂ ਬਾਹਰ ਰੋੜ੍ਹਿਆ ਜਾ ਰਿਹਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਗਗਨਦੀਪ ਸਿੰਘ ਰੰਧਾਵਾ ਦੀ ਖੁਦਕਸ਼ੀ ਦੇ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ ਸਾਬਕਾ ਮੰਤਰੀ ਦੀ ਹੋਈ ਗ੍ਰਿਫਤਾਰੀ ਨੇ ਮੌਜੂਦਾ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਦੇ ਪੋਤੜੇ ਫਰੋਲ ਕੇ ਰੱਖ ਦਿੱਤੇ ਹਨ, ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਿਹਾ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *