ਮੌਜਦੂਾ ਸਾਲ ਜ਼ਿਲ੍ਹਾ ਮੋਗਾ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਪ੍ਰਤੀ ਏਕੜ 1500 ਰੁਪਏ ਸਬਸਿਡੀ ਪਾਣੀ ਦੀ ਬਚਤ ਲਈ ਨਰਮਾ, ਕਪਾਹ, ਮੱਕੀ, ਮੂੰਗੀ ਤੇ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬੀਜਣ ਨੂੰ ਤਰਜ਼ੀਹ ਦੇਣ ਕਿਸਾਨ-ਡੀ.ਸੀ
ਮੋਗਾ (ਵਿਮਲ) :- ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਕੁਦਰਤ ਦੇ ਵੱਡਮੁੱਲੇ ਸਰੋਤ ਪਾਣੀ ਦੀ ਬੱਚਤ ਹੋਵੇਗੀ, ਉਥੇ ਕਿਸਾਨਾਂ ਨੂੰ ਪਨੀਰੀ ਬੀਜ ਕੇ ਲਵਾਈ ਮੌਕੇ ਆਉਣ ਵਾਲੀ ਲੇਬਰ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਤੋਂ ਪਹਿਲਾ ਖੁਦ ਪਿੰਡ ਬੁੱਧ ਸਿੰਘ ਵਾਲਾ ਦੇ ਕਿਸਾਨ ਨਾਰੰਗ ਸਿੰਘ ਦੇ ਖੇਤ ਵਿੱਚ ਟੈ੍ਰਕਟਰ ਚਲਾ ਕੇ ਸਿੱਧੀ ਬਿਜਾਈ ਦੀ ਪਰਖ ਕਰਨ ਤੋਂ ਬਾਅਦ ਕੀਤਾ। ਡਿਪਟੀ ਕਮਿਸ਼ਨਰ ਸਾਗਰ ਸੇਤੀਆਂ ਨੇ ਕਿਹਾ ਕਿਸਾਨਾਂ ਨੂੰ ਦਿਨੋਂ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਘੱਟੋ ਸਮੇਂ ਅਤੇ ਘੱਟ ਪਾਣੀ ਵਾਲੀਆਂ ਫਸਲਾਂ ਨਰਮਾ, ਕਪਾਹ, ਮੱਕੀ, ਮੂੰਗੀ ਬੀਜਣ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ’ਤੇ ਪ੍ਰਤੀ ਏਕੜ 1500 ਰੁਪਏ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਦਾ ਕਿਸਾਨਾਂ ਨਾਲ ਸਿੱਧਾ ਰਾਬਤਾ ਰਹੇਗਾ ਅਤੇ ਜੇਕਰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਦਾ ਖੇਤੀਬਾੜੀ ਵਿਭਾਗ ਪਹਿਲ ਦੇ ਆਧਾਰ ਤੇ ਹਲ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਾਨੂੰ ਰਵਾਇਤੀ ਫਸਲਾਂ ਵੱਲ ਮੁੜਨਾ ਪਵੇਗਾ ਕਿਉਂਕਿ ਰਵਾਇਤੀ ਫਸਲਾਂ ਤੋਂ ਵਗੈਰ ਸਾਡਾ ਗੁਜ਼ਾਰਾ ਸੰਭਵ ਨਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜ਼ੀਹ ਦਿੱਤੀ ਜਾਵੇਗੀ, ਉਥੇ ਰਵਾਇਤੀ ਫਸਲਾਂ ਨਰਮਾ, ਕਪਾਹ, ਮੱਕੀ, ਮੂੰਗੀ ਅਦਿ ਬੀਜਣ ਨੂੰ ਵੀ ਪਹਿਲ ਦਿੱਤੀ ਜਾਵੇਗੀ।


ਇਸ ਸਾਲ 190 ਏਕੜ ਨਰਮੇ ਦੀ ਬਿਜਾਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਰਵਾਇਤੀ ਫਸਲਾਂ ਦਾ ਮੰਡੀਕਰਨ ਵੀ ਬਿਹਤਰ ਤਰੀਕੇ ਨਾਲ ਹੋਵੇਗਾ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਜਿਹੜੇ ਖੇਤਾਂ ਦੇ ਵਿੱਚ ਪਾਈਪਾਂ ਜਾਂ ਖਾਲੇ ਬਣਾਉਣ ਵਾਲੇ ਹਨ ਉਹ ਵੀ ਨਰੇਗਾ ਜ਼ਰੀਏ ਬਣਾ ਕੇ ਦਿੱਤੇ ਜਾਣਗੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਹਰ ਬਲਾਕ ਵਿੱਚ ਤਾਇਨਾਤ ਹਨ ਜੋ ਕਿਸਾਨਾਂ ਤੱਕ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਰਵਾਇਤੀ ਫਸਲਾਂ ਬੀਜਣ ਸਬੰਧੀ ਜਾਗਰੂਕ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਮੋਗਾ ਵੱਲੋਂ ਸਮੇਂ-ਸਮੇਂ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਤੇ ਕਿਸਾਨ ਭਰਾ ਵੀ ਇਹਨਾਂ ਕੈਂਪਾਂ ਤੋਂ ਜਾਗਰੂਕ ਹੋ ਕੇ ਹੁਣ ਝੋਨੇ ਦੀ ਸਿੱਧੀ ਬਜਾਈ ਅਤੇ ਨਰਮੇ ਵਰਗੀਆਂ ਫਸਲਾਂ ਨੂੰ ਮੁੜ ਤੋਂ ਖੇਤਾਂ ਵਿੱਚ ਬੀਜਣ ਲਈ ਤਿਆਰ ਹੋਏ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਲਾ ਮੋਗਾ ਵਿੱਚ ਨਰਮੇ ਅਤੇ ਕਪਾਹ ਦੀ ਖੇਤੀ ਦਾ ਰਕਬਾ ਵੱਡੇ ਪੱਧਰ ਤੇ ਵਧੇਗਾ। ਉਹਨਾਂ ਪੈਸਟੀਸਾਈਡ ਦਵਾਈ ਵਿਕਰੇਤਾਵਾਂ ਨੂੰ ਵੀ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਦੁਕਾਨ ਤੇ ਦੋ ਨੰਬਰ ਦੀ ਦਵਾਈ ਪਾਈ ਗਈ ਜਾਂ ਕਿਸੇ ਵੀ ਦੁਕਾਨਦਾਰ ਦੀ ਦਵਾਈ ਨਾਲ ਕਿਸੇ ਕਿਸਾਨ ਦੀ ਫਸਲ ਨੁਕਸਾਨ ਹੁੰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਜੈਲਦਾਰ ਅਤੇ ਨਾਰੰਗ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਉੱਥੇ ਉਹ ਹਰ ਸਾਲ ਝੋਨੇ ਦੀ ਪਰਾਲੀ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਖਪਤ ਕਰਕੇ ਫਸਲਾਂ ਬੀਜਣ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਤੇ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਉਹ ਆਪ ਖੁਦ ਝੋਨੇ ਦੀ ਸਿੱਧੀ ਬਿਜਾਈ ਵੱਡੇ ਪੱਧਰ ਤੇ ਕਰ ਰਹੇ ਹਨ ਉੱਥੇ ਉਹ ਹੋਰ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਨੇ ਹੋਰਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਕਿਸਾਨ ਭਰਾ ਝੋਨੇ ਦੀ ਸਿੱਧੀ ਬਿਜਾਈ ਕਰਾਉਣਾ ਚਾਹੁੰਦਾ ਹੈ ਤਾਂ ਉਹ ਕਿਸਾਨਾਂ ਦੇ ਖੇਤਾਂ ਵਿੱਚ ਆਪਣੀਆਂ ਮਸ਼ੀਨਾਂ ਨਾਲ ਮੁਫਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਆਉਣਗੇ। ਉਹਨਾਂ ਕਿਹਾ ਕਿ ਸਿੱਧੀ ਬਜਾਈ ਕਰਵਾਉਣ ਦਾ ਮਕਸਦ ਦਿਨੋ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣਾ ਹੈ। ਇਸ ਮੌਕੇ ਤੇ ਸਤਵੀਰ ਸਿੰਘ ਖੋਸਾ (ਏਟੀਐਮ) ਤੂੰਬੜਭੰਨ,ਗਨੇਸ ਕੁਮਾਰ ਚੜਿੱਕ, ਜਸਵਿੰਦਰ ਸਿੰਘ ਜੈਲਦਾਰ ਕਿਸਾਨ,ਭੋਲਾ ਸਿੰਘ ਸਰਪੰਚ ਸਿੰਘ ਕਿਸਾਨ, ਮਨਦੀਪ ਸਿੰਘ, ਹਰਬੰਸ ਰਣਜੀਤ ਸਿੰਘ, ਸਰਪੰਚ ਖੁਸ਼ਦੀਪ ਸਿੰਘ, ਜਗਰੂਪ ਸਿੰਘ, ਸੁਖਮੰਦਰ ਸਿੰਘ, ਸੁਖਵੰਤ ਸਿੰਘ ਬਲਜੀਤ ਸਿੰਘ ਜਸਕਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ।