ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ 75ਵੀਂ ਵਰ੍ਹੇਗੰਢ ਦੇ ਦੋ-ਰੋਜਾ ਸਾਹਿਤਕ ਅਤੇ ਸੱਭਿਆਚਾਰਕ ਸੰਮੇਲਨ ਦੀਆਂ ਝਲਕੀਆਂ

ਜਲੰਧਰ (ਅਰੋੜਾ) :- ਪਿਛਲੇ ਦਿਨੀ 19 20 ਮਾਰਚ 2026 ਨੂੰ ਪੰਜਾਬ ਦੀ ਵਿਰਾਸਤੀ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ (ਐਮ. ਏ ਪੰਜਾਬੀ) ਦੀ 75ਵੀਂ ਵਰ੍ਹੇਗੰਢ ( ਪਲੈਟੀਨਮ ਜੁਬਲੀ) ਪੂਰੀ ਹੋਣ ਦੇ ਮੌਕੇ ਤੇ ਵਿਭਾਗ ਵੱਲੋਂ ਵੱਖ-ਵੱਖ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਗਏ। ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਦਾ ਆਰੰਭ ਇੱਕ ਸਦੀ ਤੋਂ ਵੀ ਵੱਧ ਅਰਸਾ ਪਹਿਲਾਂ ਸਾਲ 1908 ਵਿੱਚ ਲਹਿੰਦੇ ਪੰਜਾਬ ਦੇ ਸ਼ਹਿਰ ਲਾਇਲਪੁਰ ( ਅਜੋਕੇ ਫੈਸਲਾਬਾਦ) ਵਿਖੇ ਹੋਇਆ ਸੀ ।ਇਸ ਕਾਲਜ ਦਾ ਨੀਂਹ ਪੱਥਰ ਸੰਤ ਅਤਰ ਸਿੰਘ ਜੀ ਵੱਲੋਂ ਰੱਖਿਆ ਗਿਆ ਸੀ । ਸਕੂਲ ਦੇ ਰੂਪ ਚ ਆਰੰਭ ਹੋਈ ਇਸ ਸੰਸਥਾ ਦੇ ਮੋਢੀ ਅਧਿਆਪਕਾਂ ਵਿੱਚ ਮਾਸਟਰ ਤਾਰਾ ਸਿੰਘ ,ਮਾਸਟਰ ਸੁੰਦਰ ਸਿੰਘ ਅਤੇ ਗਿਆਨੀ ਹੀਰਾ ਸਿੰਘ ਦਰਦ ਵਰਗੀਆਂ ਸਿਰਕੱਢ ਸ਼ਖਸੀਅਤਾਂ ਸ਼ਾਮਿਲ ਸਨ। ਇਹ ਕਾਲਜ 1947 ਦੀ ਵੰਡ ਮਗਰੋਂ ਦੁਆਬੇ ਦੇ ਸ਼ਹਿਰ ਜਲੰਧਰ ਵਿਖੇ 1948 ਵਿੱਚ ਮੁੜ ਸਥਾਪਿਤ ਹੋਇਆ। ਪੰਜਾਬੀ ਵਿਭਾਗ ਵੱਲੋਂ ਆਯੋਜਿਤ ਇਹਨਾਂ ਪ੍ਰੋਗਰਾਮਾਂ ਵਿੱਚ ਵਿਰਾਸਤੀ ਪਿੰਡ ਦੀ ਝਲਕ, ਪੁਸਤਕ ਮੇਲਾ , ਅੰਤਰ ਕਾਲਜ ਕਾਵਿ ਉਚਾਰਨ ਮੁਕਾਬਲੇ, ਪ੍ਰਸ਼ਨੋਤਰੀ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲਿਆਂ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਵੀ ਦਰਬਾਰ, ਅਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ (ਟਿਕਟਾਂ ਦੋ ਲੈ ਲਈਂ) ਨਾਟਕ ਦਾ ਮੰਚਨ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਅਤੇ ਪ੍ਰਸਿੱਧ ਪੰਜਾਬੀ ਸ਼ਾਇਰ ਸਵਰਨਜੀਤ ਸਵੀ ਹਾਜ਼ਰ ਹੋਏ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਸ਼ਾਇਰ ਦਰਸ਼ਨ ਬੁੱਟਰ ਅਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਤੇ ਇਸ ਕਾਲਜ ਦੇ ਪੰਜਾਬੀ ਵਿਭਾਗ ਵਿੱਚ ਅਧਿਆਪਨ ਕਰ ਚੁੱਕੇ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਡਾਕਟਰ ਵਰਿਆਮ ਸਿੰਘ ਸੰਧੂ, ਪਰਮਜੀਤ ਦਿਓਲ, ਪ੍ਰੋ. ਕੁਲਵੰਤ ਔਜਲਾ ਵਿਭਾਗ ਦੇ ਸਾਬਕਾ ਅਧਿਆਪਕ ਡਾਕਟਰ ਕੁਲਵੰਤ ਸਿੰਘ ਸੰਧੂ, ਡਾਕਟਰ ਗੋਪਾਲ ਸਿੰਘ ਬੁੱਟਰ, ਪ੍ਰੋਫੈਸਰ ਸੁਖਬੀਰ ਸਿੰਘ, ਕੁਲਦੀਪ ਕੌਰ ਦੁਸਾਂਝ ਨੇ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ ਦਾ ਉਦਘਾਟਨ ਕੀਤਾ ।ਆਏ ਹੋਏ ਮਹਿਮਾਨਾਂ ਦਾ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਹਰਜਿੰਦਰ ਸਿੰਘ ਸੇਖੋ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ।

ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਦਾ ਵਿਰਾਸਤੀ ਪੰਜਾਬੀ ਵਿਭਾਗ , ਜਿੱਥੇ ਸਾਲ 1950 ਵਿੱਚ ਐਮ.ਏ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋਈ ਸੀ, ਇਸ ਸਾਲ ਆਪਣੀ ਸਥਾਪਤੀ ਦੇ 75 ਵਰ੍ਹੇ ਪੂਰੇ ਕਰ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬੀ ਵਿਭਾਗ ਉਹ ਵਿਭਾਗ ਹੈ ਜਿਸ ਨੇ ਪੰਜਾਬੀ ਸਾਹਿਤ , ਸਭਿਆਚਾਰ ਅਤੇ ਅਕਾਦਮਿਕ ਖੇਤਰ ਵਿੱਚ ਅਜਿਹੀਆਂ ਸ਼ਖਸੀਅਤਾਂ ਦਿੱਤੀਆਂ ਹਨ ਜਿਹੜੀਆਂ ਪੰਜਾਬ ਦੇ ਸੱਭਿਆਚਾਰਕ ਅਤੇ ਸਾਹਿਤਕ ਇਤਿਹਾਸ ਵਿੱਚ ਮੀਲ ਪੱਥਰ ਸਾਬਿਤ ਹੋਈਆਂ ਹਨ। ਇਹ ਵਿਭਾਗ ਆਪਣੇ ਆਰੰਭ ਤੋਂ ਹੀ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਰਿਹਾ ਹੈ।‌ ਵਿਰਾਸਤੀ ਪਿੰਡ ਦੀ ਝਲਕਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਪੁਰਾਣੇ ਪਿੰਡ ਦੀ ਝਲਕ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਪੰਜਾਬ ਦੀ ਵਿਰਾਸਤ ਅਤੇ ਰਹਿਤਲ ਦੀ ਖੂਬਸੂਰਤ ਤਸਵੀਰ ਪੇਸ਼ ਕਰਦੀ ਇਸ ਪ੍ਰਦਰਸ਼ਨੀ ਵਿੱਚ ਪੁਰਾਣੇ ਪਿੱਤਲ ਦੇ ਭਾਂਡੇ ਹੱਥ ਦੀਆਂ ਬਣੀਆਂ ਦਰੀਆਂ ਅਤੇ ਖੇਸ , ਹੱਥ ਨਾਲ ਕੱਢੀਆਂ ਖ਼ੂਬਸੂਰਤ,ਫੁਲਕਾਰੀਆਂ ਚਰਖਾ , ਘਰ ਦੇ ਚੁੱਲੇ ਚੌਂਕੇ ਚ ਵਰਤੇ ਜਾਣ ਵਾਲੀਆਂ ਵਿਰਾਸਤੀ ਵਸਤੂਆਂ ਦੀ ਝਲਕ ਲਾਲਟੈਨ, ਸੰਦੂਕ ਅਤੇ ਹੋਰ ਅਣਗਿਣਤ ਅਜਿਹੀਆਂ ਵਸਤੂਆਂ ਸਨ ਜਿਨ੍ਹਾਂ ਨੂੰ ਵੇਖਣ ਵਾਲੇ ਪੁਰਾਣੇ ਪੰਜਾਬ ਦੇ ਅਤੀਤ ਵਿੱਚ ਗੁਆਚ ਜਾਂਦੇ ਸਨ। ਕਾਲਜ ਦੀਆਂ ਵਿਦਿਆਰਥਣਾਂ ਨੇ ਪਰੰਪਰਾਗਤ ਪੰਜਾਬੀ ਪਹਿਰਾਵੇ ਵਿੱਚ ਪੁਰਾਣੇ ਪੰਜਾਬ ਦੇ ਪਿੰਡਾਂ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕੀਤੀ।

Check Also

ਲਾਇਲਪੁਰ ਖਾਲਸਾ ਕਾਲਜ ਵਿਖੇ ਜੱਟ ਸਿੱਖ ਕੌਂਸਿਲ ਵਲੋਂ ਹੋਣਹਾਰ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਰਾਸ਼ੀ ਪ੍ਰਦਾਨ ਕੀਤੀ ਗਈ

ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਜਿੱਥੇ ਜ਼ਰੂਰਤਮੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ …

Leave a Reply

Your email address will not be published. Required fields are marked *