ਮੋਗਾ ਵਿੱਚ ਹੁਣ ਤੱਕ 18 ਹੈਕਟੇਅਰ ਰਕਬੇ ਵਿੱਚ ਹੋਈ ਨਰਮੇ ਦੀ ਬਿਜਾਈ, ਨਰਮੇ ਹੇਠ ਰਕਬਾ ਵਧਾਉਣ ਲਈ ਉਪਰਾਲੇ ਜਾਰੀ-ਡਾ. ਗੁਰਪ੍ਰੀਤ ਸਿੰਘ
ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਅਤੇ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਹੇਠੋਂ ਰਕਬਾ ਘਟਾ ਕੇ ਨਰਮੇ/ਕਪਾਹ ਦੀ ਫ਼ਸਲ ਦੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਡਾ. ਬਸੰਤ ਗਰਗ ਪ੍ਰਬੰਧਕੀ ਸਕੱਤਰ ਖੇਤੀਬਾੜੀ ਦੀ ਰਹਿਨੁਮਾਈ ਹੇਠ ਅਤੇ ਡਾ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕੈਂਪ ਲਗਾ ਕੇ ਅਤੇ ਕਿਸਾਨਾਂ ਨਾਲ ਨਿੱਜੀ ਤਾਲਮੇਲ ਕਰਕੇ ਨਰਮੇ ਅਤੇ ਕਪਾਹ ਦੀ ਫ਼ਸਲ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿਚ ਹੁਣ ਤੱਕ ਤਕਰੀਬਨ 18 ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਕਰਵਾਈ ਜਾ ਚੁੱਕੀ ਹੈ ਅਤੇ ਅੱਗੇ ਵੀ ਲਗਾਤਾਰ ਜਾਰੀ ਹੈ। ਨਰਮੇ ਦੀ ਫਸਲ ਦਾ ਬੀਜ ਉਪਦਾਨ ਉਪਰ ਮੁਹੱਈਆ ਕਰਵਾਉਣ ਦੀ ਵਿਵਸਥਾ ਹੈ। ਜ਼ਿਲ੍ਹੇ ਵਿਚ ਵਰਖਾ ਕਾਰਨ ਇਸ ਫਸਲ ਦੀ ਬਿਜਾਈ ਪ੍ਰਭਾਵਿਤ ਹੋਈ ਹੈ। ਇਸੇ ਸਬੰਧ ਵਿੱਚ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਦੀ ਹਾਜ਼ਾਰੀ ਵਿਚ ਪਿੰਡ ਬੱਧਨੀ ਖੁਰਦ ਵਿਖੇ ਕਿਸਾਨ ਜਸਪਾਲ ਸਿੰਘ ਪੁੱਤਰ ਮਲਕੀਤ ਸਿੰਘ ਦੇ 2 ਏਕੜ ਰਕਬੇ ਵਿਚ ਨਰਮੇ ਦੀ ਬਿਜਾਈ ਕਰਵਾਈ ਗਈ। ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਰਮੇ ਦੀ ਫਸਲ ਦੀ ਬਿਜਾਈ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਤੋਂ ਵੀ ਰਾਹਤ ਮਿਲਦੀ ਹੈ। ਜ਼ਮੀਨ ਦੀ ਸਿਹਤ ਦੇ ਸੁਧਾਰ ਲਈ ਕਣਕ, ਝੋਨੇ ਦੀ ਫਸਲੀ ਚੱਕਰ ਨੂੰ ਤੋੜਨਾ ਜ਼ਰੂਰੀ ਹੈ। ਡਾ. ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਮੋਗਾ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਨਰਮੇ ਦਾ ਬੀਜ ਖਰੀਦਣ ਸਮੇਂ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬਲਾਕ ਖੇਤੀਬਾੜੀ ਅਫਸਰ ਜਾਂ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨਾਲ ਸੰਪਰਕ ਕਰ ਸਕਦਾ ਹੈ। ਇਸ ਸਮੇਂ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ, ਡਾ. ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ, ਵਿਨੋਦ ਕੁਮਾਰ ਸਹਾਇਕ ਵਿਸਥਾਰ ਅਫਸਰ, ਹਰਪ੍ਰੀਤ ਸਿੰਘ ਅਤੇ ਪ੍ਰਦੀਪ ਕੁਮਾਰ ਖੇਤੀਬਾੜੀ ਉਪ ਨਿਰੀਖਕ ਹਾਜ਼ਰ ਸਨ।