ਸਮੂਹ ਕਾਲਜਾਂ ਵਿੱਚ ਸੁਚੱਜੇ ਪ੍ਰਬੰਧਨ ਲਈ ਨੋਡਲ ਅਫ਼ਸਰ ਨਿਯੁਕਤ
ਮੋਗਾ (ਕਮਲ) :- ਉੱਚ ਸਿੱਖਿਆ ਵਿਭਾਗ ਦੇ ਆਦੇਸ਼ਾਂ ਦੀ ਪਾਲਣਾ ਵਿੱਚ, ਅਤੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ, ਮੋਗਾ ਜ਼ਿਲ੍ਹੇ ਅੰਦਰ ਸਥਿਤ ਕਾਲਜਾਂ ਵਿੱਚ ਮੌਜੂਦਾ ਸਮੇਂ ਵਿੱਚ ਰਹਿ ਰਹੇ ਸਾਰੇ ਵਿਦਿਆਰਥੀਆਂ ਦੀ ਭਲਾਈ ਸੁਰੱਖਿਆ ਅਤੇ ਮਾਣ-ਸਨਮਾਨ ਦੀ ਰਾਖੀ ਲਈ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ, ਮੋਗਾ, ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸ਼੍ਰੀਮਤੀ ਸੱਤਿਆ ਰਾਣੀ ਪ੍ਰਿੰਸੀਪਲ, ਲਾਲਾ ਲਾਜਪਤ ਰਾਏ ਸਰਕਾਰੀ ਕਾਲਜ, ਢੁੱਡੀਕੇ ਸਬ-ਤਹਿਸੀਲ ਅਜੀਤਵਾਲ ਜ਼ਿਲ੍ਹਾ ਮੋਗਾ (ਮੋਬਾਈਲ 94179-19419) ਨੂੰ ਜ਼ਿਲ੍ਹੇ ਦੇ ਸਾਰੇ ਕਾਲਜਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੀ ਭਲਾਈ ਅਤੇ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਵਿੱਚ ਅਕਾਦਮਿਕ ਕਾਲਜ, ਫਾਰਮੇਸੀ ਕਾਲਜ, ਮੈਡੀਕਲ ਕਾਲਜ, ਨਰਸਿੰਗ ਕਾਲਜ, ਅਤੇ ਇੰਜੀਨੀਅਰਿੰਗ ਕਾਲਜ ਸ਼ਾਮਿਲ ਹਨ। ਸਾਰੇ ਕੈਂਪਸ ਕਾਲਜ ਇਹ ਯਕੀਨੀ ਬਣਾਉਣਗੇ ਕਿ ਵਿਦਿਆਰਥੀਆਂ ਨੂੰ ਰਵਾਨਗੀ ਤੱਕ ਰਿਹਾਇਸ਼, ਭੋਜਨ, ਸਿਹਤ ਸੰਭਾਲ, ਅਤੇ ਸਾਰੀਆਂ ਜ਼ਰੂਰੀ ਸੇਵਾਵਾਂ ਨਿਰੰਤਰ ਪ੍ਰਦਾਨ ਕੀਤੀਆਂ ਜਾਣ। ਹੁਣ ਦੇ ਹਾਲਾਤਾਂ ਕਰਕੇ ਜੇਕਰ ਕੋਈ ਵਿਦਿਆਰਥੀ ਕੈਂਪ ਛੱਡਦਾ ਹੈ ਤਾਂ ਯੂਨੀਵਰਸਿਟੀ ਦੇ ਨਿਯਮਾਂ ਅਤੇ ਵਿਕਲਪਾਂ ਤਹਿਤ ਉਸ ਨੂੰ ਅਕਾਦਮਿਕ ਪ੍ਰੀਖਿਆ ਮੁੜ ਦੇਣ ਜਾਂ ਬਦਲਵੇਂ ਢੰਗਾਂ ਨਾਲ, ਜਿਹੜੇ ਕਿ ਨਿਯਮਾਂ ਅਨੁਸਾਰ, ਪ੍ਰੀਖਿਆ ਦੇਣ ਦੇ ਅਵਸਰ ਦਿੱਤੇ ਜਾਣ। ਜਿਹੜੇ ਕਾਲਜਾਂ ਦੇ ਹੋਸਟਲਾਂ ਵਿੱਚ ਵਿਦਿਆਰਥੀ ਰਹਿ ਰਹੇ ਹਨ, ਉਹਨਾਂ ਦੀ ਸੂਚੀ ਤਿਆਰ ਕਰਨ ਲਈ ਵੀ ਨੋਡਲ ਅਫ਼ਸਰ ਨੂੰ ਕਿਹਾ ਗਿਆ ਹੈ। ਹਰੇਕ ਕਾਲਜ ਵਿਦਿਆਰਥੀਆਂ ਦੇ ਪ੍ਰਭਾਵਸ਼ਾਲੀ ਸੰਚਾਰ ਲਈ ਇੱਕ ਸਮਰਪਿਤ ਹੈਲਪਡੈਸਕ ਸਥਾਪਤ ਕਰਨ ਅਤੇ ਸ਼ਿਕਾਇਤਾਂ ਤੁਰੰਤ ਹੱਲ ਕਰਨ ਲਈ ਜ਼ਿੰਮੇਵਾਰ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਉਪਰੋਕਤ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਇਆ ਜਾਵੇ ਅਤੇ ਇਹਨਾਂ ਮੰਗਾਂ ਨੂੰ ਪੂਰਾ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਕਾਲਜ ਦੇ ਪ੍ਰਬੰਧਨ ਦੇ ਵਿਰੁੱਧ ਲਾਗੂ ਨਿਯਮਾਂ ਅਨੁਸਾਰ ਸਮਾਂਬੱਧ ਕਾਰਵਾਈ ਕੀਤੀ ਜਾਵੇਗੀ।