ਡਿਪਟੀ ਕਮਿਸ਼ਨਰ ਵੱਲੋਂ 30 ਅਪ੍ਰੈਲ ਤੱਕ ਕੰਮ ਮੁਕੰਮਲ ਕਰਨ ਦੀ ਹਦਾਇਤ 331 ਪਿੰਡਾਂ ਵਿੱਚੋਂ 326 ਪਿੰਡਾਂ ਦਾ ਪਹਿਲਾਂ ਹੀ ਹੋ ਚੁੱਕਾ ਰਿਕਾਰਡ ਡਿਜੀਟਲ
ਮੋਗਾ (ਕਮਲ) :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੋਗਾ ਸ਼ਹਿਰ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਆਦੇਸ਼ ਦਿੱਤੇ ਹਨ ਕਿ ਸ਼ਹਿਰ ਵਿੱਚ ਪੈਂਦੇ ਸਾਰੇ ਪੰਜ ਸਰਕਲਾਂ ਦੀਆਂ ਰਹਿੰਦੀਆਂ ਜਮਾਂਬੰਦੀਆਂ ਨੂੰ ਆਨਲਾਈਨ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜਮਾਂਬੰਦੀਆਂ ਦੀ ਨਕਲ ਲੈਣ ਲਈ ਪਟਵਾਰੀ ਕੋਲ ਨਾ ਜਾਣਾ ਪਵੇ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਅੱਜ ਡਿਜ਼ੀਟਾਈਜੇਸ਼ਨ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਮਾਲ ਵਿਭਾਗ ਨੂੰ ਇਸ ਕੰਮ ਨੂੰ 30 ਅਪ੍ਰੈਲ, 2025 ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ ਦੀ ਸਖ਼ਤ ਹਦਾਇਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ 331 ਪਿੰਡ ਪੈਂਦੇ ਹਨ। ਜਿੰਨਾਂ ਵਿੱਚੋਂ 326 ਪਿੰਡਾਂ ਦਾ ਰਿਕਾਰਡ ਪਹਿਲਾਂ ਹੀ ਆਨਲਾਈਨ ਹੋ ਚੁੱਕਾ ਹੈ। ਜਦਕਿ ਸ਼ਹਿਰ ਵਿੱਚ ਪੈਂਦੇ ਪੰਜ ਪਿੰਡਾਂ/ਸਰਕਲਾਂ (ਮੋਗਾ ਮਾਹਲਾ ਸਿੰਘ 1, 2, 3 ਅਤੇ ਮੋਗਾ ਜੀਤ ਸਿੰਘ 1 ਅਤੇ 2) ਦਾ ਜ਼ਮੀਨੀ ਰਿਕਾਰਡ ਕੰਪਿਊਟਰੀਕ੍ਰਿਤ ਨਹੀਂ ਸੀ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਜਮਾਂਬੰਦੀਆਂ ਦੀ ਨਕਲ ਆਦਿ ਲੈਣ ਲਈ ਜ਼ਰੂਰੀ ਕੰਮ ਛੱਡ ਕੇ ਪਟਵਾਰੀ ਦੇ ਦਫ਼ਤਰ ਜਾਣਾ ਪੈਂਦਾ ਸੀ।

ਹੁਣ ਇਹ ਰਿਕਾਰਡ ਡਿਜੀਟਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਲਾਭ ਮਿਲੇਗਾ। ਸਾਗਰ ਸੇਤੀਆ ਨੇ ਦੱਸਿਆ ਕਿ ਇਸ ਅਤਿ ਜ਼ਰੂਰੀ ਕੰਮ ਨੂੰ ਤਰਜ਼ੀਹ ਦਿੰਦਿਆਂ ਮਾਲ ਵਿਭਾਗ ਨੂੰ ਇਹ ਕੰਮ 30 ਅਪ੍ਰੈਲ ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਕੰਮ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਸ਼ੇਸ਼ ਲੈਬ ਤਿਆਰ ਕੀਤੀ ਗਈ ਹੈ। ਜਿੱਥੇ 25 ਡਾਟਾ ਐਂਟਰੀ ਆਪਰੇਟਰ ਡਿਊਟੀ ਕਰਨਗੇ। ਸ਼ਹਿਰ ਨਾਲ ਸਬੰਧਤ ਦੋਵੇਂ ਪਟਵਾਰੀ ਖੁਦ ਕੋਲ ਬੈਠ ਕੇ ਇਹ ਕੰਮ ਆਪਣੀ ਨਿਗਰਾਨੀ ਵਿੱਚ ਕਰਵਾਉਣਗੇ ਜਦਕਿ ਜ਼ਿਲ੍ਹਾ ਮਾਲ ਅਫ਼ਸਰ ਲਕਸ਼ੇ ਗੁਪਤਾ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ। ਇਹ ਕੰਮ ਮਿਸ਼ਨ ਮੋਡ ਵਿੱਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼ਹਿਰ ਮੋਗਾ ਨਾਲ ਸਬੰਧਤ ਕੁੱਲ 13241 ਖੇਵਟਾਂ ਆਨਲਾਈਨ ਕੀਤੀਆਂ ਜਾਣੀਆਂ ਹਨ, ਜਿੰਨਾ ਵਿਚੋਂ 1050 ਹੋਈਆਂ ਹਨ ਜਦਕਿ 12191 ਬਕਾਇਆ ਹਨ। ਇਸੇ ਤਰ੍ਹਾਂ 5280 ਇੰਤਕਾਲ ਵੀ ਚੜ੍ਹਾਏ ਜਾਣੇ ਹਨ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਮੋਗਾ ਸ਼ਹਿਰ ਵਾਸੀਆਂ ਨੇ ਭਰਪੂਰ ਸਵਾਗਤ ਅਤੇ ਧੰਨਵਾਦ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜ਼ਮੀਨੀ ਰਿਕਾਰਡ ਕੰਪਿਊਟਰੀਕ੍ਰਿਤ ਹੋਣ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਲਕਸ਼ੇ ਗੁਪਤਾ, ਜ਼ਿਲ੍ਹਾ ਸਿਸਟਮ ਮੈਨੇਜਰ ਸ਼੍ਰੀ ਸੁਰਿੰਦਰ ਅਰੋੜਾ ਅਤੇ ਹੋਰ ਵੀ ਹਾਜ਼ਰ ਸਨ। ਕੈਪਸਨ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਮੀਨੀ ਰਿਕਾਰਡ ਕੰਪਿਊਟਰੀਕ੍ਰਿਤ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ।