ਮੋਗਾ (ਕਮਲ) :- ਮੈੜੀ (Mairi) ਸਬ ਡਵੀਜ਼ਨ ਅੰਬ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਸਥਿਤ ਬਾਬਾ ਵਡਭਾਗ ਸਿੰਘ ਜੀ ਹੋਲੀ ਮੇਲੇ (7 ਤੋਂ 17 ਮਾਰਚ ਤੱਕ) ਦੇ ਲਈ ਭਾਰੀ ਵਾਹਨਾਂ ਸਮੇਤ ਸ਼ਰਧਾਲੂਆਂ ਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੀ ਸੀਮਾ ਅੰਦਰ ਪ੍ਰਵੇਸ਼ ਕਰਨ ਦੀ ਪਾਬੰਦੀ ਲਗਾਈ ਹੈ। ਊਨਾ ਦੇ ਡਿਪਟੀ ਕਮਿਸ਼ਨਰ ਜਤਿਨ ਲਾਲ ਵੱਲੋਂ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਟਰੱਕਾਂ, ਟਰੈਕਟਰਾਂ, ਟਰਾਲੀਆਂ ਤੇ ਟਰਾਲਿਆਂ ਆਦਿ ਵਿਚ ਸਵਾਰ ਹੋ ਕੇ ਬਾਬਾ ਵਡਭਾਗ ਸਿੰਘ ਜੀ ਦੇ ਮੇਲੇ ਵਿਚ ਸ਼ਾਮਲ ਹੋਣ ਲਈ ਆਉਂਦੇ ਹਨ ਪਰ ਜ਼ਿਲ੍ਹਾ ਊਨਾ ਦੀ ਸੀਮਾ ਤੋਂ ਅੱਗੇ ਭਾਰੀ ਵਾਹਨਾਂ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ, ਇਸ ਸਬੰਧੀ ਅੰਤਰਰਾਜੀ ਬੈਰੀਅਰ ਉੱਤੇ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਹੈ। ਡਿਪਟੀ ਕਮਿਸ਼ਨਰ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਬੱਸਾਂ ਰਾਹੀਂ ਯਾਤਰਾ ਕਰਨ ਅਤੇ ਭਾਰੀ ਵਾਹਨਾਂ ਰਾਹੀਂ ਆਉਣ ਤੋਂ ਗੁਰੇਜ਼ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਰਾ ਬਾਬਾ ਵਡਭਾਗ ਸਿੰਘ ਮੈੜੀ ਵਿਚ 7 ਤੋਂ 17 ਮਾਰਚ ਤੱਕ ਹੋਲੀ ਮੇਲਾ ਮਨਾਇਆ ਜਾਂਦਾ ਹੈ।
