ਡੀ.ਏ.ਪੀ. ਦੀ ਕਿੱਲਤ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਬਿਲਕੁਲ ਜਰੂਰਤ ਨਹੀਂ-ਖੇਤੀ ਮਾਹਿਰ
ਮੋਗਾ (ਕਮਲ) :- ਡੀ.ਏ.ਪੀ ਖਾਦ ਸਭ ਤੋਂ ਵੱਧ ਫਾਸਫੋਰਸ ਤੱਤ ਵਾਲੀ ਖਾਦ ਹੈ ਜੋ ਕਿ ਕਣਕ, ਝੋਨਾ, ਮੱਕੀ, ਆਲੂ ਫਸਲਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਵਰਤੀ ਜਾ ਰਹੀ ਹੈ। ਕਿਸਾਨ ਦੂਜੀਆਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨਾਲੋਂ ਡੀ.ਏ.ਪੀ. ਖਾਦ ਨੂੰ ਤਰਜੀਹ ਜ਼ਿਆਦਾ ਦਿੰਦੇ ਹਨ। ਡੀ.ਏ.ਪੀ ਖਾਦ ਫਾਸਫੋਰਸ 46 ਫੀਸਦੀ ਦੀ ਪੂਰਤੀ ਦੇ ਨਾਲ ਨਾਈਟ੍ਰੋਜਨ 18 ਫੀਸਦੀ ਦੀ ਜਰੂਰਤ ਨੂੰ ਵੀ ਪੂਰਾ ਕਰਦੀ ਹੈ। ਪਿਛਲੇ ਸਾਲਾਂ ਦੌਰਾਨ ਡੀ.ਏ.ਪੀ. ਆਸਾਨੀ ਨਾਲ ਮਿਲਣ ਕਰਕੇ ਕਿਸਾਨਾਂ ਨੇ ਬਹੁਤ ਮਾਤਰਾ ਵਿੱਚ ਇਸ ਨੂੰ ਇਸਤੇਮਾਲ ਕੀਤਾ। ਪਰ ਇਸ ਵਾਰ ਡੀ.ਏ.ਪੀ. ਖਾਦ ਘੱਟ ਮਿਲਣ ਕਰਕੇ ਹੋਰ ਫਾਸਫੋਰਸ ਵਾਲੀਆਂ ਖਾਦਾਂ ਜੋ ਅਸੀਂ ਡੀ.ਏ.ਪੀ. ਦੇ ਬਦਲ ਵਜੋਂ ਵਰਤੀਆਂ ਜਾ ਸਕਦੀਆਂ ਹਨ, ਉਸਦੇ ਬਾਰੇ ਖੇਤੀ ਮਾਹਰ ਡਾ. ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲੇ ਬਦਲ ਵਜੋਂ ਐਨ.ਪੀ.ਕੇ. (12.32.16) ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਸਦੇ ਵਿੱਚ 32 ਫੀਸਦੀ ਫਾਸਫੋਰਸ, 12 ਫੀਸਦੀ ਨਾਈਟ੍ਰੋਜਨ ਅਤੇ 16 ਫੀਸਦੀ ਪੋਟਾਸ਼ ਹੁੰਦੀ ਹੈ। ਇੱਕ ਬੋਰੀ ਡੀ ਏ ਪੀ ਦੀ ਜਗ੍ਹਾ (12. 32.16) ਦਾ ਡੇਢ ਗੱਟਾ ਪਾ ਕੇ ਕਣਕ ਬੀਜੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਦੂਜਾ ਬਦਲ ਟੀ.ਐਸ.ਪੀ (0.46.0) ਟ੍ਰਿਪਲ ਸੁਪਰ ਫਾਸਫੇਟ ਹੈ, ਇਸਦੇ ਵਿੱਚ ਫਾਸਫੋਰਸ ਤੱਤ 46 ਫੀਸਦੀ ਡੀ.ਏ.ਪੀ. ਦੇ ਬਰਾਬਰ ਹੀ ਹੁੰਦਾ ਹੈ, ਵਾਧੂ ਨਾਲ 20 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ ਪਾ ਕੇ ਨਾਈਟ੍ਰੋਜਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸ ਨਵੀਂ ਖਾਦ ਨੂੰ ਕਿਸਾਨ ਜਰੂਰ ਤਰਜੀਹ ਦੇਣ, ਇਹ ਖਾਦ ਡੀ.ਏ.ਪੀ ਦੇ ਬਰਾਬਰ ਹੀ ਕੰਮ ਕਰੇਗੀ। ਤੀਜਾ ਬਦਲ ਐਸ.ਐਸ.ਪੀ. ਸਿੰਗਲ ਸੁਪਰ ਫਾਸਫੇਟ ਖਾਦ ਜਿਸਨੂੰ ਸੁਪਰ ਵੀ ਕਿਹਾ ਜਾਂਦਾ ਹੈ, ਇਸਦੇ ਵਿੱਚ 16 ਫੀਸਦੀ ਫਾਸਫੋਰਸ, 11 ਫੀਸਦੀ ਸਲਫਰ ਅਤੇ 21 ਫੀਸਦੀ ਕੈਲਸ਼ੀਅਮ ਹੁੰਦਾ ਹੈ। ਸੁਪਰ ਦੀਆਂ ਤਿੰਨ ਬੋਰੀਆਂ ਨਾਲ ਡੀ.ਏ.ਪੀ. ਦੇ ਬਰਾਬਰ ਤੱਤ ਮਿਲਦੇ ਹਨ ਅਤੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਚੌਥਾ ਬਦਲ ਐਨ.ਪੀ.ਕੇ. (20.20.0.13) ਇਸਦੇ ਵਿੱਚ 20 ਫੀਸਦੀ ਨਾਈਟ੍ਰੋਜਨ, 20 ਫੀਸਦੀ ਫਾਸਫੋਰਸ ਅਤੇ 13 ਫੀਸਦੀ ਸਲਫਰ ਹੁੰਦਾ ਹੈ। ਪੰਜਵਾਂ ਬਦਲ ਐਨ.ਪੀ.ਕੇ (10. 26.26) ਹੈ, ਇਸਦੇ ਵਿੱਚ ਨਾਈਟ੍ਰੋਜਨ 10 ਫੀਸਦੀ 26 ਫੀਸਦੀ ਫਾਸਫੋਰਸ ਅਤੇ 26 ਫੀਸਦੀ ਪੋਟਾਸ਼ ਤੱਤ ਹੁੰਦਾ ਹੈ। ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੇ ਡੀ.ਏ.ਪੀ. ਮਿਲਣ ਵਿੱਚ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਇਹਨਾਂ ਫਾਸਫੋਰਸ ਖਾਦਾਂ ਨੂੰ ਡੀ.ਏ.ਪੀ. ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਆਸਾਨੀ ਨਾਲ ਕਣਕ ਬੀਜੀ ਜਾ ਸਕਦੀ ਹੈ।