ਜਲੰਧਰ (ਅਰੌੜਾ) – ਉੱਤਰ ਭਾਰਤ ਦੇ ਸਰਵੋਤਮ ਪੌਲੀਟੈਕਨਿਕ ਦਾ ਐਵਾਰਡ ਚਾਰ ਵਾਰ ਹਾਸਿਲ ਕਰਨ ਵਾਲੇ ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੀ ਸਥਾਪਨਾ ਦੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਟਾਫ, ਵਿਦਿਆਰਥੀਆਂ ਅਤੇ ਅਲੂਮਨੀ ਵੱਲੋਂ ਮਨਾਏ ਜਾ ਰਹੇ ਪਲੈਟੀਨਮ ਜੁਬਲੀ ਸਮਾਗਮ ਵਿੱਚ 29 ਅਕਤੂਬਰ, 2024 ਨੂੰ ਮੁਖ ਮਹਿਮਾਨ ਦੇ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਿਰਕਤ ਕਰਣਗੇ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਾਣਯੋਗ ਗਿਆਨੀ ਜ਼ੈਲ ਸਿੰਘ ਜੀ ਦੀ ਵਿਰਾਸਤ ਨੂੰ ਸੰਭਾਲਣ ਵਾਲੇ, ਅਠਾਰਵੀਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਬਹੁਤ ਹੀ ਮਿੱਠ ਬੋਲੜੇ, ਨਿਮਰ ਸੁਭਾਅ ਦੇ ਮਾਲਿਕ ਅਤੇ ਉੱਚ ਕਦਰਾਂ-ਕੀਮਤਾਂ ਵਾਲੇ ਗੁਰਮੁਖ ਇਨਸਾਨ ਹਨ, ਜੋ ਜ਼ਮੀਨ ਨਾਲ ਜੁੜੇ ਹੋਏ ਹਨ। ਪ੍ਰਿੰਸੀਪਲ ਸਾਹਿਬ ਕਿਹਾ ਕਿ ਉਹ ਤੇ ਰਮਨ ਅਰੋੜਾ, ਐਮ ਐਲ ਏ ਸੰਧਵਾ ਨੂੰ ਮਿਲੇ ਤੇ ਕਾਲਜ ਵਿੱਚ ਜੁਬਲੀ ਪ੍ਰੋਗਰਾਮ ਵਿੱਚ ਮੁਖ ਮਹਿਮਾਨ ਵਜੋੰ ਸ਼ਾਮਲ ਹੋਣ ਲਈ ਬੇਨਤੀ ਕੀਤੀ, ਜਿਸ ਨੂੰ ਉਹਨ੍ਹਾਂ ਕਬੂਲ ਕਰ ਲਿਆ। ਇਸ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਅਤੇ ਹਰਿਆਣਾ ਸਰਕਾਰ ਦੇ ਸਾਬਕਾ ਲੋਕਆਯੁਕਤ ਮਾਨਯੋਗ ਜਸਟਿਸ ਪ੍ਰੀਤਮ ਪਾਲ ਉਪ ਪ੍ਰਧਾਨ ਡੀ ਏ ਵੀ ਮੈਨੇਜਮੈਂਟ ਕਮੇਟੀ ਅਤੇ ਜਲੰਧਰ ਦੀ ਆਵਾਜ਼ ਅਤੇ ਰੂਹੇ ਰਵਾਂ ‘ਜਲੰਧਰ ਸੈਂਟਰਲ’ ਦੇ ਐਮ.ਐਲ.ਏ. ਰਮਨ ਅਰੋੜਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਧਾਰ ਰਹੇ ਹਨ। ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 600 ਤੋਂ ਵੱਧ ਅਲੂਮਨੀ ਸਟਾਫ ਮੈਂਬਰ ਹਾਜ਼ਿਰ ਹੋ ਰਹੇ ਹਨ, ਜਿੰਨਾ ਵਿੱਚ ਵਿਦੇਸ਼ਾਂ ਤੋਂ ਵੀ ਪੁਰਾਣੇ ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਮੌਕੇ ਮੁਖ ਮਹਿਮਾਨ ਵੱਲੋਂ ਨਵੀਂ ਬਣੀ ਅਚੀਵਮੈਂਟ ਗੈਲਰੀ ਦਾ ਉਦਘਾਟਨ ਵੀ ਕੀਤਾ ਜਾਵੇਗਾ।