700 ਦੇ ਕਰੀਬ ਖਿਡਾਰੀਆਂ ਨੇ ਲਿਆ ਹਿੱਸਾ-ਜ਼ਿਲ੍ਹਾ ਖੇਡ ਅਫਸਰ
ਮੋਗਾ (ਕਮਲ) :- ʻਖੇਡਾਂ ਵਤਨ ਪੰਜਾਬ ਦੀਆਂ 2024ʼ ਦੇ ਮੋਗਾ ਦੇ ਬਲਾਕ ਪੱਧਰੀ ਮੁਕਾਬਲੇ ਅੱਜ ਸ਼ੁਰੂ ਹੋ ਚੁੱਕੇ ਹਨ ਅਤੇ ਇਹ 11 ਸਤੰਬਰ ਤੱਕ ਚੱਲਣਗੇ। ਅੱਜ ਇਹਨਾਂ ਮੁਕਾਬਲਿਆਂ ਵਿੱਚ 700 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਅਤੇ ਖੇਡ ਮੈਦਾਨਾਂ ਵਿੱਚ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਮੋਗਾ ਸ਼ਾਸਵਤ ਰਾਜਦਾਨ ਨੇ ਦੱਸਿਆ ਕਿ ਬਲਾਕ-1 ਅਤੇ 2 ਦੇ ਮੁਕਾਬਲੇ ਕਾਫੀ ਦਿਲਚਸਪ ਦੇਖਣ ਨੂੰ ਮਿਲੇ। ਬਲਾਕ ਮੋਗਾ-1 ਫੁੱਟਬਾਲ ਅੰਡਰ 14 (ਲੜਕਿਆਂ) ਦੇ ਸੈਮੀਫਾਈਨਲ ਮੁਕਾਬਲੇ ਮਹਿਣਾ ਤੇ ਮੋਗਾ, ਚੜਿੱਕ ਦੇ ਭੁਪਿੰਦਰਾ ਸਕੂਲ ਵਿਚਕਾਰ ਕਰਵਾਏ ਗਏ।
ਇਸਤੋਂ ਇਲਾਵਾ ਕਬੱਡੀ, ਖੋ-ਖੋ, ਐਥਲੈਟਿਕਸ, ਵਾਲੀਬਾਲ ਸਮੈਸ਼ਿੰਗ ਤੇ ਸ਼ੂਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਨੌਜਵਾਨ ਬੜੇ ਹੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖਿਡਾਰੀਆਂ ਲਈ ਖਾਣ ਪੀਣ ਅਤੇ ਹੋਰ ਸਾਰੇ ਪ੍ਰਬੰਧ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਲਗਾਤਾਰ ਇਹਨਾਂ ਖੇਡ ਮੁਕਾਬਲਿਆਂ ਦੇ ਪ੍ਰਬੰਧਾਂ ਦਾ ਫੀਡਬੈਕ ਪ੍ਰਾਪਤ ਕਰ ਰਹੇ ਹਨ ਉਹਨਾਂ ਵੱਲੋਂ ਇਹ ਸਖਤ ਹਦਾਇਤ ਜਾਰੀ ਕੀਤੀ ਗਈ ਹੈ ਕਿ ਖਿਡਾਰੀਆਂ ਨੂੰ ਇਹਨਾਂ ਖੇਡ ਮੁਕਾਬਲਿਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ ਅਤੇ ਇਹਨਾਂ ਖੇਡਾਂ ਦੇ ਨਤੀਜੇ ਵੀ ਪੂਰੀ ਪਾਰਦਸ਼ਤਾ ਨਾਲ ਤਿਆਰ ਕੀਤੇ ਜਾਣੇ ਯਕੀਨੀ ਬਣਾਏ ਜਾਣੇ ਚਾਹੀਦੇ ਹਨ।