Thursday , 21 November 2024

ਪੰਜਾਬ ਸਰਕਾਰ ਐਨ ਐਚ ਏ ਆਈ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ ਵਚਨਬੱਧ – ਲੋਕ ਨਿਰਮਾਣ ਮੰਤਰੀ ਪੰਜਾਬ

ਕੈਬਨਿਟ ਮੰਤਰੀ ਵੱਲੋਂ ਅਚਾਨਕ ਸਰਕਾਰੀ ਸਕੂਲਾਂ ਦਾ ਦੌਰਾ ਅਤੇ ਵਿਦਿਆਰਥੀਆਂ ਨਾਲ ਬੈਠ ਕੇ ਖਾਧਾ ਮਿਡ ਡੇਅ ਮੀਲ
ਸੂਬੇ ਦੇ ਬਿਹਤਰ ਭਵਿੱਖ ਲਈ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਾਂ – ਹਰਭਜਨ ਸਿੰਘ
ਕਿਹਾ! ਸੂਬੇ ਵਿੱਚ ਸਫਲਤਾ ਪੂਰਵਕ ਚੱਲ ਰਹੇ ‘ਸਕੂਲ ਆਫ਼ ਐਮੀਨੇਂਸ’

ਮੋਗਾ (ਪੰਜਾਬ) :- ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਐਨ ਐਚ ਏ ਆਈ (ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ) ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ ਵਚਨਬੱਧ ਹੈ। ਇਸ ਲਈ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਆਪਣੇ ਪੱਧਰ ਉੱਤੇ ਮੀਟਿੰਗਾਂ ਕੀਤੀਆਂ ਹਨ। ਜਿਹੜੇ ਵੀ ਛੋਟੇ ਛੋਟੇ ਮੁੱਦੇ ਦਰਪੇਸ਼ ਹਨ ਉਹਨਾਂ ਨੂੰ ਜਲਦ ਹੀ ਨਜਿੱਠ ਲਿਆ ਜਾਵੇਗਾ। ਉਹਨਾਂ ਇਸ ਗੱਲ ਨੂੰ ਮੁੱਢੋਂ ਰੱਦ ਕਰ ਦਿੱਤਾ ਕਿ ਸੂਬੇ ਵਿਚ ਜ਼ਮੀਨਾਂ ਅਧਿਗ੍ਰਹਿਣ ਕਰਨ ਲਈ ਕੋਈ ਸਮੱਸਿਆ ਹੈ। ਉਹਨਾਂ ਭਰੋਸਾ ਦਿੱਤਾ ਕਿ ਜਲਦ ਹੀ ਸਬੰਧਤ ਜ਼ਮੀਨਾਂ ਪ੍ਰਾਪਤ ਕਰਕੇ ਐਨ ਐਚ ਏ ਆਈ ਨੂੰ ਸਪੁਰਦ ਕਰ ਦਿੱਤੀਆਂ ਜਾਣਗੀਆਂ। ਅੱਜ ਅਚਾਨਕ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੋਗਾ-1 ਸਕੂਲਾਂ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜਨੇਰ ਦਾ ਵੀ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਹੋਰ ਹਾਜ਼ਰ ਸਨ। ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਭ ਤੋਂ ਪ੍ਰਮੁੱਖ ਤਰਜੀਹ ਸਿੱਖਿਆ ਖੇਤਰ ਵਿੱਚ ਸੁਧਾਰ ਕਰਨਾ ਹੈ। ਸੂਬੇ ਦੇ ਬਿਹਤਰ ਭਵਿੱਖ ਲਈ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਕੱਲੇ ਮੋਗਾ ਸ਼ਹਿਰ ਵਿੱਚ ਹੀ 3 ਸਕੂਲ ਨਵੇਂ ਬਣਾਏ ਗਏ ਹਨ। ਇਹਨਾਂ ਸਕੂਲਾਂ ਦੀ ਪਹਿਲਾਂ ਬਹੁਤ ਹੀ ਖਸਤਾ ਹਾਲਤ ਸੀ। ਪਰ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਹਰੇਕ ਸਕੂਲ ਦੀ ਕਾਇਆ ਕਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸੂਬੇ ਦੇ ਸਕੂਲਾਂ ਦੇ ਅਧਿਆਪਕ ਬੱਚਿਆਂ ਨੂੰ ਵਧੀਆ ਸਿੱਖਿਆ ਮੁਹਈਆ ਕਰਵਾਉਣ ਇਸੇ ਕਰਕੇ ਹੀ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੋਰ ਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਜੇਕਰ ਸਕੂਲ ਮੁਖੀ ਚੰਗੇ ਹੋਣਗੇ ਤਾਂ ਸਕੂਲ ਦੇ ਨਤੀਜੇ ਵੀ ਵਧੀਆ ਆਉਣਗੇ। ਉਹਨਾਂ ਕਿਹਾ ਕਿ ਸਿੱਖਿਆ ਨੂੰ ਰੋਜ਼ਗਾਰ ਮੁਖੀ ਬਣਾਇਆ ਜਾ ਰਿਹਾ ਹੈ। ਬੱਚਿਆਂ ਨੂੰ ਤਕਨੀਕੀ ਸਿੱਖਿਆ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੀ ਸੂਬੇ ਵਿੱਚ ਸਕੂਲ ਆਫ ਐਮੀਨੇਂਸ ਖੋਲ੍ਹੇ ਜਾ ਰਹੇ ਹਨ। ਇਹਨਾਂ ਸਕੂਲਾਂ ਵਿੱਚ ਹੁਸ਼ਿਆਰ ਬੱਚਿਆਂ ਦੀ ਰੁਚੀ ਨੂੰ ਤਲਾਸ਼ ਕੇ ਉਹਨਾਂ ਨੂੰ ਢੁੱਕਵੀਂ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੀ ਰੁਚੀ ਮੁਤਾਬਿਕ ਆਪਣਾ ਖੇਤਰ/ਕਿੱਤਾ ਚੁਣ ਸਕਣ। ਉਹਨਾਂ ਕਿਹਾ ਕਿ ਉਹਨਾਂ ਦੇ ਦੌਰੇ ਦਾ ਮਕਸਦ ਸਕੂਲ ਦੀਆਂ ਲੋੜਾਂ ਨੂੰ ਜਾਣਨਾ ਅਤੇ ਉਹਨਾਂ ਨੂੰ ਦੂਰ ਕਰਨ ਲਈ ਯਤਨ ਕਰਨਾ ਹੈ। ਇਸ ਮੌਕੇ ਉਹਨਾਂ ਸਕੂਲਾਂ ਦੇ ਵਿਦਿਆਰਥੀਆਂ ਨਾਲ ਬੈਠ ਕੇ ਮਿਡ ਡੇਅ ਮੀਲ ਖਾਧਾ ਅਤੇ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸਕੂਲਾਂ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਪ੍ਰਗਟ ਕੀਤੀ।

Check Also

लायंस क्लब जालंधर ने छात्राओं को सिलाई कढ़ाई के कोर्स के सर्टिफिकेट भेंट किए

महिलाओं को आत्मनिर्भर बनाने के लिए सराहनीय प्रयास-जेपीएस सिद्धू जालंधर (अरोड़ा) :- लायंस क्लब जालंधर …

Leave a Reply

Your email address will not be published. Required fields are marked *