Thursday , 26 December 2024

ਜ਼ਿਲ੍ਹਾ ਮੋਗਾ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਮੁਕੰਮਲ ਹੋਣ ਕਿਨਾਰੇ

6.94 ਲੱਖ ਮੀਟ੍ਰਿਕ ਟਨ ਹੈ ਖਰੀਦ ਟੀਚਾ, 6.87 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪੁੱਜੀ

ਲਿਫਟਿੰਗ ਸਬੰਧੀ ਮੰਡੀ ਵਾਰ ਸੂਚੀ ਮੰਗੀ

ਕਿਸਾਨਾਂ ਨੂੰ ਅਦਾਇਗੀ ਵਿੱਚ ਢਿੱਲ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ

ਮੋਗਾ (ਕਮਲ) :- ਕਣਕ ਦੀ ਖਰੀਦ ਦਾ ਸੀਜਨ ਪੂਰੇ ਜੋਬਨ ਉੱਤੇ ਹੈ ਪਰ ਸੁਚਾਰੂ ਪ੍ਰਬੰਧਾਂ ਦੇ ਚੱਲਦਿਆਂ ਜ਼ਿਲ੍ਹਾ ਮੋਗਾ ਵਿੱਚ ਖਰੀਦ ਪ੍ਰਕਿਰਿਆ ਹੁਣ ਮੁਕੰਮਲ ਹੋਣ ਕਿਨਾਰੇ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਵਾਰ 6.94 ਲੱਖ ਮੀਟ੍ਰਿਕ ਟਨ ਖਰੀਦ ਟੀਚਾ ਮਿੱਥਿਆ ਗਿਆ ਸੀ ਜਿਸ ਵਿਚੋਂ 6.87 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਗਈ ਹੈ। ਜਿਸ ਵਿਚੋਂ 99 ਫ਼ੀਸਦੀ ਖਰੀਦ ਅਤੇ 65 ਫ਼ੀਸਦੀ ਤੋਂ ਵਧੇਰੇ ਲਿਫਟਿੰਗ ਵੀ ਹੋ ਚੁੱਕੀ ਹੈ। ਜਦਕਿ ਅਦਾਇਗੀ ਵੀ ਨਾਲੋਂ ਨਾਲ ਹੋ ਰਹੀ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਨਾ ਤਾਂ ਮੰਡੀਆਂ ਵਿੱਚ ਰੁਲਣ ਦਿੱਤਾ ਜਾਵੇ ਅਤੇ ਨਾ ਹੀ ਅਦਾਇਗੀ ਵਿੱਚ ਢਿੱਲ ਵਰਤੀ ਜਾਵੇ। ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਲਈ ਉਹਨਾਂ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਵਾਰ ਸੂਚੀ ਭੇਜਣ ਕਿ ਕਿਸ ਮੰਡੀ ਵਿੱਚ ਕਿੰਨੀ ਫ਼ਸਲ ਚੁਕਾਈ ਤੋਂ ਰਹਿੰਦੀ ਹੈ। ਉਹਨਾਂ ਕਿਹਾ ਕਿ ਮੰਡੀਆਂ ਦੀ ਮੌਜੂਦਾ ਸਥਿਤੀ ਦੇਖ ਕੇ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਿੱਥੇ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਵਿੱਚ ਤੇਜ਼ੀ ਆਈ ਸੀ ਉਥੇ ਹੀ ਖਰੀਦ, ਅਦਾਇਗੀ ਅਤੇ ਲਿਫਟਿੰਗ ਵਿੱਚ ਵੀ ਤੇਜ਼ੀ ਲਿਆਂਦੀ ਗਈ ਸੀ ਜਿਸ ਕਰਕੇ ਜ਼ਿਲ੍ਹਾ ਮੋਗਾ ਵਿੱਚ ਹੁਣ ਖਰੀਦ ਪ੍ਰਕਿਰਿਆ ਮੁਕੰਮਲ ਹੋਣ ਕਿਨਾਰੇ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚੋਂ ਨਾਲ ਦੀ ਨਾਲ ਹੀ ਵਿਹਲਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 687814 ਮੀਟ੍ਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਜਾ ਚੁੱਕੀ ਹੈ। ਜਿਸ ਵਿਚੋਂ 679338 ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ ਅਤੇ 396934 ਮੀਟ੍ਰਿਕ ਟਨ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਖਰੀਦੀ ਹੋਈ ਕਣਕ ਦੀ ਅਦਾਇਗੀ ਪ੍ਰਸ਼ਾਸ਼ਨ ਵੱਲੋਂ 48 ਘੰਟੇ ਵਿੱਚ ਕਰਨੀ ਹੁੰਦੀ ਹੈ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਅਦਾਇਗੀ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ 1447.51 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਜੋ ਕਿ ਕੁੱਲ ਅਦਾਇਗੀ ਦਾ 98.84 ਫ਼ੀਸਦੀ ਬਣਦੀ ਹੈ। ਲਿਫਟਿੰਗ ਬਾਰੇ ਉਹਨਾਂ ਕਿਹਾ ਕਿ ਰੋਜ਼ਾਨਾ 30 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਉੱਤੇ ਭਰੋਸਾ ਰੱਖਣ। ਉਹਨਾਂ ਨੂੰ ਕਿਸੇ ਵੀ ਹਾਲ ਵਿੱਚ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ। ਜ਼ਿਲ੍ਹਾ ਮੋਗਾ ਵਿੱਚ ਅਗਲੇ ਇਕ ਦੋ ਦਿਨ ਵਿੱਚ ਲਿਫਟਿੰਗ 100 ਫ਼ੀਸਦੀ ਤੱਕ ਪਹੁੰਚ ਜਾਵੇਗੀ। ਉਹਨਾਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਝਾੜ ਨਿਕਲ ਰਿਹਾ ਹੈ। ਇਸ ਦੇ ਨਾਲ ਦਾਣੇ ਦੀ ਕੁਆਲਿਟੀ ਵੀ ਵਧੀਆ ਹੈ।

Check Also

केन्द्रीय गृह एवं सहकारिता मंत्री श्री अमित शाह ने नई दिल्ली में राष्ट्रीय अपराध रिकॉर्ड्स ब्यूरो (NCRB) के साथ तीन नए आपराधिक कानूनों के कार्यान्वयन पर समीक्षा बैठक की अध्यक्षता की

बैठक में अखिल भारतीय स्तर पर CCTNS 2.0, NAFIS, जेलों, अदालतों, अभियोजन और फॉरेंसिक के …