ਪੰਜਾਬ ਸਰਕਾਰ ਦਾ ਜ਼ਿਲ੍ਹਾ ਮੋਗਾ ਨੂੰ ਤੋਹਫਾ – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਹੋਵੇਗਾ ਵਿਸਤਾਰ

ਅਜੀਤਵਾਲ ਅਤੇ ਸਮਾਲਸਰ ਵਿਖੇ ਬਣਨਗੇ ਨਵੇਂ ਸਬ ਤਹਿਸੀਲ ਕੰਪਲੈਕਸ
ਤਹਿਸੀਲ ਕੰਪਲੈਕਸ ਧਰਮਕੋਟ ਦੀ ਰਿਪੇਅਰ ਲਈ ਵੀ ਫੰਡ ਜਾਰੀ

ਮੋਗਾ (ਕਮਲ) :- ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੁਨਿਆਦੀ ਵਿਕਾਸ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਜ਼ਿਲ੍ਹਾ ਮੋਗਾ ਦੇ ਵਿਕਾਸ ਕਾਰਜਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ। ਪੰਜਾਬ ਸਰਕਾਰ ਨੇ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਤੋਹਫ਼ਾ ਦਿੰਦਿਆਂ ਜਿੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ ਉਥੇ ਹੀ ਅਜੀਤਵਾਲ ਅਤੇ ਸਮਾਲਸਰ ਵਿਖੇ ਨਵੇਂ ਸਬ ਤਹਿਸੀਲ ਕੰਪਲੈਕਸ ਉਸਾਰਨ ਲਈ ਵੀ ਫੰਡ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਤਹਿਸੀਲ ਕੰਪਲੈਕਸ ਧਰਮਕੋਟ ਦੀ ਰਿਪੇਅਰ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਸਾਰੇ ਪ੍ਰੋਜੈਕਟਾਂ ਉਤੇ 14 ਕਰੋਡ਼ ਰੁਪਏ ਤੋਂ ਵਧੇਰੇ ਦੀ ਰਾਸ਼ੀ ਖਰਚ ਕੀਤੀ ਜਾਣੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ‘ ਬੀ ‘ਬਲਾਕ ਦੀ ਦੋ ਮੰਜ਼ਿਲਾ ਇਮਾਰਤ ਦਾ ਵਿਸਤਾਰ ਕੀਤਾ ਜਾਣਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ 12 ਕਰੋੜ 11 ਲੱਖ 31 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ। ਇਸ ਪ੍ਰੋਜੈਕਟ ਤਹਿਤ ‘ਬੀ’ ਬਲਾਕ ਇਮਾਰਤ ਉਤੇ ਦੋ ਹੋਰ ਮੰਜ਼ਿਲਾਂ ਉਸਾਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਵਿਸਤਾਰ ਨਾਲ ਤਕਰੀਬਨ ਸਾਰੇ ਵਿਭਾਗਾਂ ਦੇ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਤਬਦੀਲ ਹੋ ਜਾਣਗੇ। ਜਗ੍ਹਾ ਦੀ ਕਮੀ ਕਾਰਨ ਹਾਲੇ ਕਈ ਦਫ਼ਤਰ ਦੂਰ – ਦੂਰ ਚੱਲ ਰਹੇ ਹਨ। ਇਸ ਨਾਲ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਸਾਰੇ ਕੰਮ ਇੱਕੋ ਛੱਤ ਹੇਠਾਂ ਹੋਣ ਲੱਗ ਜਾਣਗੇ। ਉਨ੍ਹਾਂ ਦੱਸਿਆ ਕਿ ਅਜੀਤਵਾਲ ਅਤੇ ਸਮਾਲਸਰ ਨੂੰ ਸਬ ਤਹਿਸੀਲ ਬਣਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਉਥੇ ਹਾਲੇ ਤੱਕ ਸਬ ਤਹਿਸੀਲ ਕੰਪਲੈਕਸ ਨਹੀਂ ਬਣ ਸਕੇ ਸਨ। ਇਸ ਬਾਰੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਦੋਵਾਂ ਸਬ ਤਹਿਸੀਲ ਕੰਪਲੈਕਸਾਂ ਨੂੰ ਉਸਾਰਨ ਲਈ ਹਰੀ ਝੰਡੀ ਦੇ ਦਿੱਤੀ ਅਤੇ ਇਨ੍ਹਾਂ ਦੋਵਾਂ ਇਮਾਰਤਾਂ ਦੀ ਉਸਾਰੀ ਲਈ ਕਰਮਵਾਰ 85.75 ਲੱਖ ਅਤੇ 85.75 ਲੱਖ (ਕੁੱਲ 171. 44 ਲੱਖ) ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਲੈਕਸਾਂ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਮੁਕੰਮਲ ਇਮਾਰਤ ਦੀ ਕਮੀ ਹੋਣ ਕਾਰਨ ਇਨ੍ਹਾਂ ਸਬ ਤਹਿਸੀਲਾਂ ਵਿੱਚ ਪੂਰਾ ਸਟਾਫ਼ ਤਾਇਨਾਤ ਕਰਨ ਅਤੇ ਆਮ ਲੋਕਾਂ ਦੇ ਬੈਠਣ ਅਤੇ ਕੰਮ ਕਰਵਾਉਣ ਵਿੱਚ ਵੱਡੀ ਦਿੱਕਤ ਆਉਂਦੀ ਸੀ। ਇਨ੍ਹਾਂ ਇਮਾਰਤਾਂ ਦੇ ਬਣਨ ਨਾਲ ਇਹ ਦੋਵੇਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਧਰਮਕੋਟ ਦੀ ਰਿਪੇਅਰ ਦਾ ਕੰਮ ਵੀ ਹੋਣ ਵਾਲਾ ਸੀ, ਜਿਸ ਨੂੰ ਕਰਵਾਉਣ ਲਈ ਪੰਜਾਬ ਸਰਕਾਰ ਨੇ 17.49 ਲੱਖ ਰੁਪਏ ਜਾਰੀ ਕਰ ਦਿੱਤੇ ਹਨ। ਇਸ ਕੰਮ ਲਈ ਐਸ. ਡੀ. ਐਮ. ਧਰਮਕੋਟ ਨੂੰ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਇਹ ਕੰਮ ਵੀ ਜਲਦ ਹੀ ਕਰਵਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਸਾਰੇ ਵਿਕਾਸ ਕਾਰਜ ਮੁਕੰਮਲ ਹੋਣ ਨਾਲ ਜਿੱਥੇ ਪ੍ਰਸ਼ਾਸ਼ਕੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਆਵੇਗੀ ਉਥੇ ਹੀ ਆਮ ਲੋਕਾਂ ਨੂੰ ਵੀ ਬਹੁਤ ਸਹੂਲਤ ਮਿਲੇਗੀ।

Check Also

अलायंस क्लब्स इंटरनेशनल जिला 126-एन द्वारा हिमालयन मोटरसाइकिल रैली का आयोजन — “राष्ट्रीय एकता के लिए एक अभियान”

जालंधर (अरोड़ा) :- ऐसोसिएशन आफ अलायंस क्लब इंटरनेशनल के जिला126-ऐन ने देश में एकता और …

Leave a Reply

Your email address will not be published. Required fields are marked *