ਨਾਗਰਿਕਾਂ ਦੇ ਸੁਭਾਅ ਵਿੱਚ ਵੀ ਸਵੱਛਤਾ ਤੇ ਸੰਸਕਾਰਾਂ ਵਿੱਚ ਵੀ ਸਵੱਛਤਾ ਦੇ ਮਨੋਰਥ ਨੂੰ ਪੂਰਾ ਕਰੇਗੀ ਮੁਹਿੰਮ-ਡਾ. ਅਮਨਦੀਪ ਕੌਰ ਅਰੋੜਾ
ਮੋਗਾ (ਕਮਲ) :- ਆਲੇ ਦੁਆਲੇ ਦੀ ਸਫਾਈ ਅਤੇ ਕੂੜਾ ਕਰਕਟ ਦੀ ਸਹੀ ਸੈਗਰੀਗੇਸ਼ਨ ਦੀ ਆਦਤ ਜੇਕਰ ਹਰੇਕ ਨਾਗਰਿਕ ਗ੍ਰਹਿਣ ਕਰੇ ਤਾਂ ਇਹ ਸਵੱਛਤਾ ਵੱਲ ਇੱਕ ਵੱਡਾ ਕਦਮ ਸਾਬਿਤ ਹੋਵੇਗਾ। ਨਾਗਰਿਕਾਂ ਨੂੰ ਸਵੱਛਤਾ ਵੱਲ ਪ੍ਰੇਰਿਤ ਕਰਨ ਲਈ ਹੀ “ਸਵੱਛਤਾ ਹੀ ਸੇਵਾ 2024” ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਨੇ ਜ਼ਿਲ੍ਹੇ ਵਿੱਚ ਅੱਜ “ਸਵੱਛਤਾ ਹੀ ਸੇਵਾ 2024” ਮੁਹਿੰਮ ਦੀ ਰਸਮੀ ਤੌਰ ਉਪਰ ਸ਼ੁਰੂਆਤ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਇਹ ਮੁਹਿੰਮ ਅੱਜ 17 ਸਤੰਬਰ ਤੋਂ ਸ਼ੂਰੂ ਹੋ ਕੇ 2 ਅਕਤੂਬਰ, 2024 ਤੱਕ ਚੱਲੇਗੀ ਜਿਸ ਤਹਿਤ ਸਬੰਧਤ ਸਰਕਾਰੀ ਵਿਭਾਗ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ਸ਼ਹਿਰ, ਪਿੰਡ, ਕਸਬਿਆਂ ਦੀ ਸਵੱਛਤਾ ਵਿੱਚ ਵਾਧਾ ਕਰਨਗੇ। ਇਸ ਮੌਕੇ ਉਹਨਾਂ ਨਾਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨੁਮਾਇੰਦੇ ਇੰਜਨੀਅਰ ਅਦਰਸ਼ ਨਿਰਮਲ, ਕਾਰਜਕਾਰੀ ਇੰਜਨੀਅਰ ਸੁਨੀਲ ਗਰਗ, ਜਲ ਸਪਲਾਈ ਵਿਭਾਗ ਦੇ ਸਮੂਹ ਜੇ.ਈ. ਤੇ ਹੋਰ ਵੀ ਅਧਿਕਾਰੀ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਗਿਆ। ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਹੋ ਕੇ ਇਹ ਸਵੱਛਤਾ ਤੇ ਜਾਗਰੂਕਤਾ ਗਤੀਵਿਧੀਆਂ 2 ਅਕਤੂਬਰ ਤੱਕ ਚੱਲਣਗੀਆਂ। ਉਹਨਾਂ ਕਿਹਾ ਕਿ ਸਮੂਹ ਨਾਗਰਿਕਾਂ ਦੇ ਸੁਭਾਅ ਅਤੇ ਸੰਸਕਾਰਾਂ ਵਿੱਚ ਸਵੱਛਤਾ ਦੇ ਮਨੋਰਥ ਨੂੰ ਪੂਰਾ ਕਰਨ ਲਈ ਇਹ ਮੁਹਿੰਮ ਕਾਰਗਰ ਸਾਬਿਤ ਹੋਵੇਗੀ। ਇਸ ਮੁਹਿੰਮ ਤਹਿਤ 18 ਸਤੰਬਰ ਨੂੰ ਦਫਤਰਾਂ, ਪਿੰਡਾਂ ਵਿੱਚ ਸਵੱਛਤਾ ਸਹੁੰ, ਸਵੱਛਤਾ ਰੈਲੀਆਂ, ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਆਦਿ, 19 ਸਤੰਬਰ ਨੂੰ ਇੱਕ ਰੁੱਖ ਮਾਂ ਦੇ ਨਾਮ ਮੁਹਿੰਮ ਤਹਿਤ ਠੋਸ ਤੇ ਤਰਲ ਰਹਿੰਦ ਖੂੰਹਦ ਪ੍ਰਬੰਧਨ, ਵਾਟਰ ਟ੍ਰੀਟਮੈਂਟ ਪਲਾਂਟ, ਵਾਟਰ ਵਰਕਸ, ਗਊਸ਼ਾਲਾਵਾਂ, ਪਾਰਕਾਂ ਆਦਿ ਤੇ ਪੌਦੇ ਲਗਾਏ ਜਾਣਗੇ। 20 ਸਤੰਬਰ ਨੂੰ ਵੇਸਟ ਤੋਂ ਆਰਟ, ਖਾਦ ਦੀਆਂ ਪ੍ਰਦਰਸ਼ਨੀਆਂ, ਕੂੜੇ ਤੋਂ ਖਾਦ ਬਣਾਉਣ ਲਈ ਪ੍ਰਚਾਰ ਕੀਤਾ ਜਾਵੇਗਾ। 21 ਸਤੰਬਰ ਨੂੰ ਫੂਡ ਸਟਰੀਟ, ਮੇਲਾ ਮੌਦਾਨਾਂ ਵਿੱਚ ਸਵੱਛ ਭਾਰਤ ਮਿਸ਼ਨ ਦੇ ਸਮਾਗਮ ਆਯੋਜਿਤ ਕੀਤੇ ਜਾਣਗੇ। 22, 23, 24 ਸਤੰਬਰ ਨੂੰ ਸਥਾਨਕ ਕਲਾ, ਖੇਤਰੀ ਸੰਗੀਤ, ਸੱਭਿਆਚਾਰਕ ਸਮਾਗਮ, ਸਫਾਈ ਮੁਹਿੰਮ, ਸਾਂਝੇ ਪਖਾਨਿਆਂ ਤੇ ਸਫਾਈ ਆਦਿ ਗਤੀਵਿਧੀਆਂ ਕਰਵਾਈਆਂ ਜਾਣਗੀਆਂ। 26 ਤੇ 27 ਸਤੰਬਰ ਨੂੰ ਪਿੰਡਾਂ ਦੇ ਛੱਪੜਾਂ ਦੇ ਆਲੇ ਦੁਆਲੇ ਤਰਲ ਰਹਿੰਦ ਖੂੰਹਦ ਪ੍ਰਬੰਧਨ ਪ੍ਰੋਜੈਕਟਾਂ ਤੇ ਸਫਾਈ ਕਰਵਾਈ ਜਾਵੇਗੀ। 28, 29, 30 ਸਤੰਬਰ ਨੂੰ ਸੈਰ ਸਪਾਟਾ ਸਥਾਨਾਂ ਤੇ ਸਫਾਈ, ਸਫਾਈ ਮਿੱਤਰ ਸ਼ਿਵਰ, ਪੀ.ਪੀ.ਈ. ਕਿੱਟਾਂ ਅਤੇ ਸੁਰੱਖਿਆ ਉਪਕਰਨਾਂ ਦੀ ਵੰਡ ਕੀਤੀ ਜਾਵੇਗੀ। 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ 2024 ਅਤੇ ਮੁਹਿੰਮ ਦੀ ਸਫਲਤਾ ਦਾ ਜਸ਼ਨ ਅਤੇ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਪਿੰਡਾਂ ਸ਼ਹਿਰਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਅਸੀਂ ਸਾਰੇ ਮਿਲ ਜੁਲ ਕੇ ਕੂੜੇ ਦੇ ਸਹੀ ਪ੍ਰਬੰਧਨ ਲਈ ਵਚਨਬੱਧ ਹੋਈਏ ਅਤੇ ਦੇਸ਼ ਨੂੰ ਸਵੱਛਤਾ ਵੱਲ ਲਿਜਾਈਏ।