ਨੌਜਵਾਨਾਂ ਨੂੰ ਆਪਣੇ ਹੁਨਰ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਆ
ਮੋਗਾ (ਕਮਲ) :- ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਰੋਜ਼ਗਾਰ ਵਿਭਾਗ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਜਾਗਰੂਕਤਾ ਮੁਹੱਈਆ ਕਰਵਾਉਣ ਲਈ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸੇ ਮੰਤਵ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਬ ਬਿਊਰੋ ਮੋਗਾ ਵੱਲੋਂ ਸਰਕਾਰੀ ਹਾਈ ਸਕੂਲ ਦੁੱਨੇਕੇ, ਮੋਗਾ ਵਿਖੇ ਕਰੀਅਰ ਗਾਇਡੈਂਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜਿਲ੍ਹਾ ਰੋਜ਼ਗਾਰ ਦਫ਼ਤਰ ਦੇ ਕਰੀਅਰ ਕਾਊਂਸਲਰ ਸ਼੍ਰੀ ਬਲਰਾਜ ਸਿੰਘ ਖਹਿਰਾ ਅਤੇ ਪ੍ਰੋਫੈਸਰ ਬਲਵਿੰਦਰ ਸਿੰਘ ਸਰਕਾਰੀ ਪੋਲੀਟੈਕਨਿਕ ਕਾਲਜ ਜੀ.ਟੀ.ਬੀ. ਗੜ੍ਹ ਮੋਗਾ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀ ਕਿਸ ਤਰ੍ਹਾਂ ਵੱਖ-ਵੱਖ ਕਿੱਤਿਆਂ ਵਿੱਚ ਆਪਣਾ ਕਰੀਅਰ ਬਣਾ ਸਕਦੇ ਹਨ। ਮੌਜੂਦਾ ਦੌਰ ਵਿੱਚ ਪ੍ਰਾਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਲਈ ਕਿਸੇ ਵਿਸ਼ੇਸ਼ ਹੁਨਰ ਦੀ ਜਰੂਰਤ ਹੈ, ਇੱਕ ਚੰਗੇ ਹੁਨਰ ਵਾਲਾ ਪ੍ਰਾਰਥੀ ਹੀ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇੱਕ ਚੰਗੀ ਨੌਕਰੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਗਗਨਦੀਪ ਕੌਰ, ਸਾਇੰਸ ਮਾਸਟਰ ਸੁਖਪਾਲਜੀਤ ਸਿੰਘ ਅਤੇ ਹੋਰ ਅਧਿਆਪਕਾਂ ਵੱਲੋਂ ਵੀ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ ਗਈ। ਸੈਮੀਨਾਰ ਦੇ ਅੰਤ ਵਿੱਚ ਸੁਖਪਾਲਜੀਤ ਸਿੰਘ ਵੱਲੋਂ ਆਏ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਇਹ ਕਰੀਅਰ ਸਬੰਧੀ ਸੈਮੀਨਾਰ ਵਿਦਿਆਰਥੀਆਂ ਲਈ ਭਵਿੱਖ ਵਿੱਚ ਬਹੁਤ ਹੀ ਲਾਭਕਾਰੀ ਸਿੱਧ ਹੋਵੇਗਾ।