30 ਸਤੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਪੌਦੇ ਲਗਾ ਕੇ ਮੋਗੇ ਦੀ ਹਰਿਆਲੀ ਵਿੱਚ ਕੀਤਾ ਜਾਵੇਗਾ ਵਾਧਾ
ਰੁੱਖਾਂ ਦਾ ਜੀਵਨ ਸਾਡੇ ਉਪਰ ਨਹੀਂ, ਸਾਡਾ ਸਵਸਥ ਜੀਵਨ ਰੁੱਖਾਂ ਉਪਰ ਨਿਰਭਰ, ਹਰੇਕ ਲਗਾਏ ਰੁੱਖ-ਵਿਧਾਇਕ ਮਨਜੀਤ ਸਿੰਘ ਬਿਲਾਸਪੁਰ
ਮੋਗਾ (ਕਮਲ) :- ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਦਰੱਖਤ ਲਗਾ ਕੇ ਇਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਰੁੱਖ ਸਾਡੇ ਸਭ ਤੋਂ ਚੰਗੇ ਦੋਸਤ ਹਨ ਕਿਉਂਕਿ ਇਹ ਸਾਡੇ ਸਾਹ ਲੈਣ ਵਾਲੀ ਹਵਾ ਨੂੰ ਸਾਫ਼ ਕਰਦੇ ਹਨ। ਇਸੇ ਤਰ੍ਹਾਂ, ਉਹ ਪਾਣੀ ਅਤੇ ਮਿੱਟੀ ਨੂੰ ਵੀ ਸਾਫ਼ ਕਰਕੇ ਧਰਤੀ ਨੂੰ ਇੱਕ ਵਧੀਆ ਸਥਾਨ ਬਣਾਉਂਦੇ ਹਨ। ਇਹ ਵੀ ਇੱਕ ਤੱਥ ਹੈ ਕਿ ਜਿਹੜੇ ਲੋਕ ਰੁੱਖਾਂ ਦੇ ਨੇੜੇ ਰਹਿੰਦੇ ਹਨ, ਉਹ ਬਾਕੀ ਲੋਕਾਂ ਨਾਲੋਂ ਸਿਹਤਮੰਦ, ਤੰਦਰੁਸਤ ਅਤੇ ਖੁਸ਼ ਰਹਿੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਿਹਾਲ ਸਿੰਘ ਵਾਲਾ ਸ਼੍ਰ ਮਨਜੀਤ ਸਿੰਘ ਬਿਲਾਸਪੁਰ ਨੇ ਜ਼ਿਲ੍ਹਾ ਪੱਧਰੀ ʻਏਕ ਪੇੜ-ਮਾਂ ਕੇ ਨਾਮʼ ਮੁਹਿੰਮ ਦਾ ਆਗਾਜ਼ ਕਰਨ ਮੌਕੇ ਕੀਤਾ। ਇਹ ਮੁਹਿੰਮ ਭਾਰਤ ਸਰਕਾਰ ਵੱਲੋਂ 29 ਅਸਗਤ ਤੋਂ 30 ਸਤੰਬਰ 2024 ਤੱਕ ਚਲਾਈ ਜਾ ਰਹੀ ਹੈI ਇਸ ਮੁਹਿੰਮ ਵਿੱਚ ਜਿਲ੍ਹਾ ਪ੍ਰਸ਼ਾਸ਼ਨ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਪੰਚਾਇਤੀ ਰਾਜ ਵਿਭਾਗ, ਜੰਗਲਾਤ ਵਿਭਾਗ, ਬਾਗਬਾਨੀ ਵਿਭਾਗ ਅਤੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈI ਮੁਹਿੰਮ ਦੀ ਸ਼ੁਰੂਆਤ ਦੇ ਦਿਨ ਅੱਜ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਢੁਕਵੇਂ ਸਥਾਨਾਂ ਉਪਰ ਪੌਦੇ ਲਗਾਏ ਗਏ ਜਿੱਥੇ ਕਿ ਇਹਨਾਂ ਦੀ ਸਾਂਭ ਸੰਭਾਲ ਵੀ ਚੰਗੇ ਤਰੀਕੇ ਨਾਲ ਕੀਤੀ ਜਾ ਸਕੇ।
ਵਿਧਾਇਕ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੌਦਿਆਂ ਨੂੰ ਬਚਾ ਕੇ, ਅਸੀਂ ਪੌਦਿਆਂ ‘ਤੇ ਨਹੀਂ ਬਲਕਿ ਆਪਣੇ ਆਪ ‘ਤੇ ਹੀ ਉਪਕਾਰ ਕਰ ਰਹੇ ਹਾਂ, ਕਿਉਂਕਿ ਰੁੱਖਾਂ ਅਤੇ ਪੌਦਿਆਂ ਦੀ ਜ਼ਿੰਦਗੀ ਸਾਡੇ ‘ਤੇ ਨਿਰਭਰ ਨਹੀਂ ਕਰਦੀ, ਬਲਕਿ ਸਾਡੀ ਜ਼ਿੰਦਗੀ ਉਨ੍ਹਾਂ ‘ਤੇ ਨਿਰਭਰ ਕਰਦੀ ਹੈ। ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਮੁਹਿੰਮ ਦੌਰਾਨ ਪਿੰਡਾਂ ਵਿੱਚ ਬਣੇ ਵਾਟਰ ਵਰਕਸ, ਸੋਲਿਡ ਵੇਸਟ ਮੈਨੇਜਮੈਂਟ ਪਲਾਂਟ, ਲਿਕੁਅਡ ਵੇਸਟ ਮੈਨੇਜਮੈਂਟ ਪਲਾਂਟ, ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ, ਗੋਬਰਧਨ ਪਲਾਂਟ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਆਦਿ ਥਾਵਾਂ ਤੇ ਬੂਟੇ ਲਗਾਉਣ ਦੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂI ਇਸ ਤੋਂ ਇਲਾਵਾ ਵੱਖ-ਵੱਖ ਦਫਤਰਾਂ ਅਤੇ ਸੰਸਥਾਵਾਂ ਵਿੱਚ ਵੀ ਟੈਕਨੀਕਲ ਅਤੇ ਸ਼ੋਸ਼ਲ ਸਟਾਫ਼ ਵੱਲੋਂ ਪਿੰਡਾਂ ਵਿੱਚ ਗਤੀਵਿਧੀਆਂ ਕਰਦੇ ਹੋਏ ਬੂਟੇ ਲਗਾਏ ਜਾਣਗੇI ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵੱਖ-ਵੱਖ ਵਿਭਾਗਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾI ਇਸ ਮੌਕੇ ਜਸਦੀਪ ਸਿੰਘ ਜੱਸਾ, ਹਰਪ੍ਰੀਤ ਸਿੰਘ ਸੈਦੋਕੇ, ਸੱਤਪਾਲ ਸਿੰਘ ਭੋਲਾ, ਗੁਰਵਿੰਦਰ ਸਿੰਘ ਰਾਮੂੰਵਾਲਾ, ਕੁਲਵੰਤ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ I