ਵਿਧਾਇਕ ਡਾ. ਗੁਪਤਾ ਅਤੇ ਡਾ. ਨਿੱਜਰ ਨੇ ਸ਼ਹਿਰ ਵਿੱਚ ਕੂੜੇ ਦੀ ਲਿਫਟਿੰਗ ਅਤੇ ਪ੍ਰੋਸੈਸਿੰਗ ਸਬੰਧੀ ਡਿਪਟੀ

ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਸ਼ਹਿਰ ਦੇ ਕੂੜੇ ਦੀ ਲਿਫਟਿੰਗ ਵਿੱਚ ਲਿਆਂਦੀ ਜਾਵੇਗੀ ਤੇਜੀ – ਡਿਪਟੀ ਕਮਿਸ਼ਨਰ
ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਨਗਰ ਨਿਗਮ ਦੀ ਪਹਿਲੀ ਤਰਜੀਹ – ਕਮਿਸ਼ਨਰ ਨਗਰ ਨਿਗਮ

ਅੰਮ੍ਰਿਤਸਰ (ਪ੍ਰਤੀਕ) :- ਸ਼ਹਿਰ ਵਿੱਚ ਇਸ ਸਮੇਂ ਸਫ਼ਾਈ ਵਿਵਸਥਾ ਦੇ ਮਾੜੇ ਪ੍ਰਬੰਧਾਂ ਕਾਰਨ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ ਅਤੇ ਹਲਕਾ ਦੱਖਣੀ ਤੋਂ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ, ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ, ਡਾ: ਯੋਗੇਸ਼ ਅਰੋੜਾ, ਵਧੀਕ ਡਿਪਟੀ ਕਮਿਸ਼ਨਰ ਮੈਡਮ ਜੋਤੀ ਬਾਲਾ, ਸਹਾਇਕ ਕਮਿਸ਼ਨਰ ਮੈਡਮ ਸੋਨਮ ਅਤੇ ਹੋਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿਧਾਇਕ ਡਾ: ਅਜੇ ਗੁਪਤਾ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਠੀਕ ਨਹੀਂ ਚੱਲ ਰਹੀ, ਜਿਸ ਕਾਰਨ ਹਰ ਰੋਜ਼ ਵੱਡੀ ਗਿਣਤੀ ‘ਚ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਸ਼ਹਿਰ ਵਿਚਲੇ ਕੂੜੇ ਦੀ ਲਿਫਟਿੰਗ ਅਤੇ ਪ੍ਰੋਸੈਸਿੰਗ ਦਾ ਠੇਕਾ ਕੰਪਨੀ ਨੂੰ ਦਿੱਤਾ ਹੋਇਆ ਹੈ। ਉਸ ਕੰਪਨੀ ਵੱਲੋਂ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ। ਕੰਪਨੀ ਘਰ-ਘਰ ਕੂੜਾ ਇਕੱਠਾ ਕਰਨ ਲਈ ਵਾਰਡਵਾਰ ਬਹੁਤ ਘੱਟ ਵਾਹਨ ਭੇਜ ਰਹੀ ਹੈ। ਇਸ ਸਮੇਂ ਕੰਪਨੀ ਵੱਲੋਂ ਘਰ-ਘਰ ਕੂੜਾ ਚੁੱਕਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਲਿਫਟਿੰਗ ਅਤੇ ਪ੍ਰੋਸੈਸਿੰਗ ਨਾ ਕੀਤੇ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕ ਡਾ: ਗੁਪਤਾ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵੱਲੋਂ ਸਾਰੇ ਯੋਗ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਡੰਪ ਵਿਚ ਸਫ਼ਾਈ ਵਿਵਸਥਾ ਨਾ ਹੋਣ ਅਤੇ ਕੂੜੇ ਦੀ ਢੁਕਵੀਂ ਪ੍ਰੋਸੈਸਿੰਗ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਦਾ ਕੋਈ ਢੁੱਕਵਾਂ ਹੱਲ ਕੱਢਣਾ ਚਾਹੀਦਾ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਧਾਇਕਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਕੂੜੇ ਦੀ ਲਿਫਟਿੰਗ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ ਅਤੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਚੌਕਸ ਰੱਖਣ ਲਈ ਸਬੰਧਤ ਕੰਪਨੀ ਨੂੰ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਢੁੱਕਵੇਂ ਕਦਮ ਚੁੱਕੇ ਜਾਣਗੇ ਅਤੇ ਨਗਰ ਨਿਗਮ ਦੀ ਪਹਿਲੀ ਤਰਜੀਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹੈ। ਉਨਾਂ ਕਿਹਾ ਕਿ ਕੂੜੇ ਦੀ ਲਿਫਟਿੰਗ ਕਰਨ ਵਾਲੀ ਸਬੰਧਤ ਕੰਪਨੀ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਕਿ ਜੇਕਰ ਉਨਾਂ ਵਲੋਂ ਸਫ਼ਾਈ ਵਿਵਸਥਾ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਪਾਈ ਗਈ ਤਾਂ ਉਨਾਂ ਵਿਰੁਧ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Check Also

ਮੋਗਾ ਪੁਲਿਸ ਦੀ ਨਸ਼ਾ ਤਸਕਰਾਂ ਉੱਪਰ ਵੱਡੀ ਕਾਰਵਾਈ, 3.5 ਕਰੋੜ ਤੋਂ ਵਧੇਰੇ ਦੀ ਜਾਇਦਾਦ ਜਬਤ

ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੋਗਾ ਪੁਲਿਸ ਵਚਨਬੱਧ-ਉਪ ਕਪਤਾਨ ਪੁਲਿਸ ਧਰਮਕੋਟ ਮੋਗਾ (ਕਮਲ) :- ਪੰਜਾਬ …

Leave a Reply

Your email address will not be published. Required fields are marked *