Breaking News

ਸਕੂਲ ਵੈਨਾਂ ਵਿੱਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਟਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ

ਸਕੂਲ ਵੈਨਾਂ ਵਿੱਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਦਿੱਤੀਆਂ ਹਦਾਇਤਾਂ

ਅੰਮ੍ਰਿਤਸਰ (ਪ੍ਰਦੀਪ) :- ਅਜੋਕੇ ਤੇਜ਼ ਰਫ਼ਤਾਰ ਵਾਲੇ ਦੌਰ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਬੱਸਾਂ ਅਤੇ ਵੈਨਾਂ ਵਿੱਚ ਸਫ਼ਰ ਕਰਨ ਵਾਲੇ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਦਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਾਨਯੋਗ ਡੀ.ਜੀ.ਪੀ. ਸਪੈਸ਼ਲ ਐਂਡ ਟਰੈਫਿਕ, ਪੰਜਾਬ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਗਿੱਲ ਅਤੇ ਏ.ਡੀ.ਸੀ.ਪੀ. ਸ਼੍ਰੀਮਤੀ ਅਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਕੂਲੀ ਬੱਚਿਆਂ ਨੂੰ ਸਕੂਲ ਵੈਨ ਵਿੱਚ ਚੜ੍ਹਨ ਅਤੇ ਉਤਰਨ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਲਈ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਦੱਸਿਆ ਗਿਆ ਕਿ ਵੈਨ ਵਿੱਚੋਂ ਉਤਰਦੇ ਸਮੇਂ ਲੇਡੀ ਹੈਲਪਰ ਦੀ ਮਦਦ ਲੈਣੀ ਚਾਹੀਦੀ ਹੈ ਅਤੇ ਬੱਚੇ ਨੂੰ ਉਸਦੇ ਘਰ ਦੇ ਦਰਵਾਜ਼ੇ ’ਤੇ ਹੀ ਸੁਰੱਖਿਅਤ ਢੰਗ ਨਾਲ ਉਤਾਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਲੇਡੀ ਹੈਲਪਰ ਨੂੰ ਮਾਪਿਆਂ ਨੂੰ ਬੱਚੇ ਦੇ ਘਰ ਪਹੁੰਚਣ ਬਾਰੇ ਸੂਚਿਤ ਕਰਨ ਦੀ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੀ ਹਦਾਇਤ ਕੀਤੀ ਗਈ। ਟਰੈਫਿਕ ਪੁਲਿਸ ਵੱਲੋਂ ਸਕੂਲ ਵੈਨਾਂ ਵਿੱਚ ਲਾਜ਼ਮੀ ਸੁਰੱਖਿਆ ਪ੍ਰਬੰਧਾਂ ਵੱਲ ਵੀ ਵਿਸ਼ੇਸ਼ ਧਿਆਨ ਦਿਵਾਇਆ ਗਿਆ।

ਇਨ੍ਹਾਂ ਵਿੱਚ ਸੀ.ਸੀ.ਟੀ.ਵੀ. ਕੈਮਰਾ, ਸਪੀਡ ਗਵਰਨਰ, ਅੱਗ ਬੁਝਾਊ ਯੰਤਰ, ਲੇਡੀ ਹੈਲਪਰ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਵੈਨ ਦੀ ਖਿੜਕੀ ਦੇ ਕੋਲ ਵਾਲੀ ਸੀਟ ਨੂੰ ਉਲਟੀ ਦਿਸ਼ਾ ਵਿੱਚ ਲਗਾਉਣਾ ਅਤੇ ਡਰਾਈਵਰ ਤੇ ਹੈਲਪਰ ਦੀ ਯੂਨੀਫਾਰਮ ਉੱਪਰ ਨੇਮ ਪਲੇਟ ਲਗਾਉਣਾ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ। ਟਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਾਪਰੇ ਸੜਕ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਆਵਾਜਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਹੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਅਹਿਮ ਤਰੀਕਾ ਹੈ। ਉਨ੍ਹਾਂ ਸਕੂਲ ਵੈਨ ਚਾਲਕਾਂ ਅਤੇ ਹੈਲਪਰਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਸਾਵਧਾਨੀ ਨਾਲ ਨਿਭਾਉਣ ਦੀ ਅਪੀਲ ਕੀਤੀ। ਟਰੈਫਿਕ ਪੁਲਿਸ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਵੈਨ ਦੀਆਂ ਸਹੂਲਤਾਂ ਅਤੇ ਸੁਰੱਖਿਆ ਮਾਪਦੰਡਾਂ ਦੀ ਖੁਦ ਵੀ ਜਾਂਚ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚੇ ਨੂੰ ਸੁਰੱਖਿਅਤ ਅਤੇ ਨਿਯਮਾਂ ਅਨੁਸਾਰ ਹੀ ਸਕੂਲ ਲਿਜਾਇਆ ਅਤੇ ਘਰ ਵਾਪਸ ਪਹੁੰਚਾਇਆ ਜਾ ਰਿਹਾ ਹੈ।

Check Also

“विभाजन विभीषिका स्मृति दिवस” पर भाजपा पंजाब प्रदेश अध्यक्ष केवल सिंह ढिल्लों ने जालंधर में निकाली मौन यात्रा

देश के बंटवारे के खिलाफ सैकड़ो भाजपा वर्करों ने रोष मौन यात्रा निकाली जालंधर (अरोड़ा) …