ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਆਰਸੇਟੀ ਦੇ ਮੁਫ਼ਤ ਹੁਨਰ ਸਿਖਲਾਈ ਕੋਰਸਾਂ ਦਾ ਪ੍ਰਚਾਰ ਪੋਸਟਰ ਜਾਰੀ

ਵੱਧ ਤੋਂ ਵੱਧ ਨੌਜਵਾਨ ਮੁਫ਼ਤ ਸਿਖਲਾਈ ਹਾਸਲ ਕਰਕੇ ਸਵੈ-ਰੁਜ਼ਗਾਰ ਅਪਣਾਉਣ-ਡਿਪਟੀ ਕਮਿਸ਼ਨਰ

ਮੋਗਾ (ਵਿਮਲ) :- ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਅੱਜ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸਪਾਂਸਰ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਆਰਸੇਟੀ ਮੋਗਾ ਦੇ ਮੁਫ਼ਤ ਹੁਨਰ ਸਿਖਲਾਈ ਕੋਰਸਾਂ ਦੇ ਪ੍ਰਚਾਰ ਲਈ ਵਿਸ਼ੇਸ਼ ਪੋਸਟਰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਲੱਭਣ ਦੀ ਬਜਾਏ ਰੁਜ਼ਗਾਰ ਸਿਰਜਣ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਆਰਸੇਟੀ ਮੋਗਾ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਿੱਤਾਮੁਖੀ ਸਿਖਲਾਈ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਰਸੇਟੀ ਮੋਗਾ ਵੱਲੋਂ 18 ਤੋਂ 50 ਸਾਲ ਦੀ ਉਮਰ ਦੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਖੇਤਰਾਂ ਵਿੱਚ ਪੂਰੀ ਤਰ੍ਹਾਂ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਿਖਲਾਈ ਰਾਹੀਂ ਨੌਜਵਾਨ ਆਪਣੇ ਹੁਨਰ ਨੂੰ ਨਿਖਾਰ ਕੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਸਿਰਜ ਸਕਦੇ ਹਨ ਅਤੇ ਆਪਣੇ ਨਾਲ-ਨਾਲ ਹੋਰਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਆਰਸੇਟੀ ਮੋਗਾ ਵੱਲੋਂ ਤਿਆਰ ਕੀਤੇ ਗਏ ਪ੍ਰਚਾਰ ਪੈਂਫਲੈਟ ਆਪਣੇ ਬੈਂਕਾਂ ਦੀਆਂ ਸ਼ਾਖਾਵਾਂ ਅਤੇ ਏਟੀਐਮਾਂ ਵਿੱਚ ਪ੍ਰਮੁੱਖ ਸਥਾਨਾਂ ‘ਤੇ ਲਗਾਏ ਜਾਣ ਤਾਂ ਜੋ ਆਮ ਲੋਕਾਂ, ਖ਼ਾਸ ਕਰਕੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਤੱਕ ਮੁਫ਼ਤ ਹੁਨਰ ਸਿਖਲਾਈ ਦੀ ਜਾਣਕਾਰੀ ਵੱਧ ਤੋਂ ਵੱਧ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਵੱਡੀ ਗਿਣਤੀ ਵਿੱਚ ਲੋੜਵੰਦ ਨੌਜਵਾਨ ਸੰਸਥਾ ਨਾਲ ਜੁੜ ਕੇ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਣਗੇ। ਇਸ ਮੌਕੇ ਆਰਸੇਟੀ ਮੋਗਾ ਦੇ ਡਾਇਰੈਕਟਰ ਅਤੇ ਸਹਾਇਕ ਜਨਰਲ ਮੈਨੇਜਰ ਪੰਕਜੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸਪਾਂਸਰ ਕੀਤੀ ਇਹ ਸੰਸਥਾ ਮੋਗਾ ਦੇ ਦੁਨੇਕੇ ਵਿਖੇ ਸਥਿਤ ਹੈ, ਜਿੱਥੇ ਇੱਕ ਆਧੁਨਿਕ ਕੈਂਪਸ ਵਿੱਚ ਸਿਖਿਆਰਥੀਆਂ ਲਈ ਕਲਾਸਰੂਮ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਗੁਪਤਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਪੇਂਡੂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਕਰਨਾ ਹੈ। ਸਿਖਲਾਈ ਤੋਂ ਬਾਅਦ ਭਾਗੀਦਾਰਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਮਾਰਗਦਰਸ਼ਨ ਵੀ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਸਫ਼ਲ ਉੱਦਮੀ ਬਣ ਸਕਣ। ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਵੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਰਸੇਟੀ ਮੋਗਾ ਵੱਲੋਂ ਚਲਾਏ ਜਾ ਰਹੇ ਮੁਫ਼ਤ ਹੁਨਰ ਸਿਖਲਾਈ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਭਵਿੱਖ ਨੂੰ ਆਤਮਨਿਰਭਰਤਾ ਅਤੇ ਸਵੈ-ਰੁਜ਼ਗਾਰ ਵੱਲ ਲੈ ਕੇ ਜਾਣ। ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਆਰਸੇਟੀ ਦੇ ਮੁਫ਼ਤ ਹੁਨਰ ਸਿਖਲਾਈ ਕੋਰਸਾਂ ਦਾ ਪ੍ਰਚਾਰ ਪੋਸਟਰ ਜਾਰੀ ਕਰਵਾਉਂਦੇ ਹੋਏ।

Check Also

लायंस क्लब जालंधर ने गुरुपुर्णिमा पर PFA गौशाला, पुलिस लाइन में गुड़, चारा डाला, बीमार पशुओं के इलाज के लिए दिया अंशदान

जालंधर (अरोड़ा) :- मानवता और गौसेवा को समर्पित लायंस क्लब जालंधर ने आज गुरपुर्णिमा के …