ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਨਹਿਰੀ ਪਾਣੀ ਦੇ 83.64 ਕਰੋੜ ਦੇ ਪ੍ਰਜੋਕੈਟਾਂ ਦਾ ਉਦਘਾਟਨ
ਪ੍ਰੋਜੈਕਟ ਤਹਿਤ 316 ਕਿਲੋਮੀਟਰ ਲੰਬੇ ਖਾਲਿਆਂ ਅਤੇ ਪਾਈਪਲਾਈਨਾਂ ਦਾ ਹੋ ਰਿਹੈ ਨਿਰਮਾਣ, 25872 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਸਿੰਚਾਈ ਦਾ ਲਾਭ
ਮੋਗਾ (ਵਿਮਲ) :- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਇਤਿਹਾਸਕ ਉਪਰਾਲੇ ਕਰ ਰਹੀ ਹੈ। ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਨਹਿਰਾਂ, ਖਾਲਿਆਂ ਅਤੇ ਪਾਈਪਲਾਈਨ ਨੈੱਟਵਰਕ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਖੇਤੀਯੋਗ ਰਕਬੇ ਨੂੰ ਨਹਿਰੀ ਸਿੰਚਾਈ ਹੇਠ ਲਿਆਂਦਾ ਜਾ ਸਕੇ ਅਤੇ ਕਿਸਾਨਾਂ ਦੀ ਟਿਊਬਵੈੱਲਾਂ ਉੱਤੇ ਨਿਰਭਰਤਾ ਘਟਾਈ ਜਾ ਸਕੇ। ਇਸੇ ਕੜੀ ਤਹਿਤ ਪੂਰੇ ਪੰਜਾਬ ਸਮੇਤ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਵੱਖ-ਵੱਖ ਪਿੰਡਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਖਾਲਿਆਂ ਦੀ ਉਸਾਰੀ ਅਤੇ ਪਾਈਪਲਾਈਨ ਵਿਛਾਉਣ ਦੇ ਕੰਮ ਤੇਜ਼ੀ ਨਾਲ ਜਾਰੀ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਵੱਲੋਂ ਅੱਜ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਨਹਿਰੀ ਪਾਣੀ ਦੇ 83.64 ਕਰੋੜ ਦੀ ਲਾਗਤ ਵਾਲੇ ਪ੍ਰਜੋਕੈਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਲਗਭਗ 316 ਕਿਲੋਮੀਟਰ ਲੰਬੇ ਖਾਲਿਆਂ ਅਤੇ ਪਾਈਪਲਾਈਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ 56 ਪਿੰਡਾਂ ਦੀਆਂ ਖੇਤੀਯੋਗ ਜ਼ਮੀਨਾਂ ਨੂੰ ਸਿੱਧਾ ਨਹਿਰੀ ਪਾਣੀ ਮੁਹੱਈਆ ਹੋਵੇਗਾ।ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਉਪਰੰਤ ਨਹਿਰੀ ਸਿੰਚਾਈ ਹੇਠ ਆਉਣ ਵਾਲਾ ਰਕਬਾ ਕਰੀਬ 25872 ਏਕੜ ਵਧੇਗਾ। ਇਸ ਨਾਲ ਕਿਸਾਨਾਂ ਨੂੰ ਸਸਤੀ, ਭਰੋਸੇਯੋਗ ਅਤੇ ਸਮੇਂ ਸਿਰ ਸਿੰਚਾਈ ਦੀ ਸਹੂਲਤ ਮਿਲੇਗੀ, ਜਦਕਿ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਵਰਤੋਂ ਵਿੱਚ ਵੀ ਕਮੀ ਆਵੇਗੀ।


ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਸੰਭਵ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੈ ਤਾਂ ਜੋ ਖੇਤੀ ਨੂੰ ਹੋਰ ਲਾਭਕਾਰੀ, ਟਿਕਾਊ ਅਤੇ ਵਾਤਾਵਰਣ ਪੱਖੋਂ ਅਨੁਕੂਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਖੇਤਰ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਪੂਰੀ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਨਹਿਰੀ ਸਿੰਚਾਈ ਦੇ ਵਿਸਥਾਰ ਨਾਲ ਕਿਸਾਨਾਂ ਦੇ ਸਿੰਚਾਈ ਖਰਚੇ ਘਟਣਗੇ, ਬਿਜਲੀ ਦੀ ਬਚਤ ਹੋਵੇਗੀ ਅਤੇ ਭੂ-ਜਲ ਪੱਧਰ ਨੂੰ ਸੰਭਾਲਣ ਵਿੱਚ ਵੀ ਮਹੱਤਵਪੂਰਨ ਮਦਦ ਮਿਲੇਗੀ। ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਲੋਕ-ਹਿੱਤ ਪ੍ਰੋਜੈਕਟਾਂ ਨੂੰ ਤਰਜੀਹ ਦਿੰਦੀ ਰਹੇਗੀ ਤਾਂ ਜੋ ਖੇਤੀਬਾੜੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਅੱਜ ਦੇ ਉਦਘਾਟਨੀ ਪ੍ਰਜੋਕੈਟਾਂ ਬਾਰੇ ਜਿਆਦਾ ਜਾਣਕਾਰੀ ਦਿੰਦਿਆਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਪਿੰਡ ਰਾਊਕੇ ਕਲਾਂ ਵਿਖੇ 20 ਖਾਲੀਆਂ ਅਤੇ ਪਾਇਪਲਾਈਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਪਾਈਪਲਾਈਨ ਦੀ ਲੰਬਾਈ 42.27 ਕਿਲੋਮੀਟਰ ਅਤੇ ਖਾਲਿਆਂ ਦੀ ਲੰਬਾਈ 95.85 ਕਿਲੋਮੀਟਰ ਹੈ। ਜਿਸ ਉਪਰ ਲਗਭਗ 36.84 ਕਰੋੜ ਰੁਪਏ ਲਗਾਏ ਗਏ ਹਨ। ਇਸ ਨਾਲ 22 ਪਿੰਡਾਂ ਨੂੰ ਲਾਭ ਪ੍ਰਾਪਤ ਹੋਵੇਗਾ ਅਤੇ 10340 ਏਕੜ ਰਕਬਾ ਨਹਿਰੀ ਸਿੰਚਾਈ ਅਧੀਨ ਆ ਜਾਵੇਗਾ। ਇਸ ਨਾਲ ਰਾਊਕੇ ਕਲਾਂ, ਬੀੜ ਰਾਊਕੇ, ਬੱਧਨੀਂ ਕਲਾਂ, ਬੀੜ ਬੱਧਨੀਂ,, ਕੋਕਰੀ ਕਲਾਂ, ਨੱਥੂਵਾਲਾ ਜਦੀਦ, ਝੰਡੇਵਾਲਾ ਸ਼ਰਕੀ, ਪੱਤੋ ਜਵਾਹਰ ਸਿੰਘ ਵਾਲਾ, ਅਜੀਤਵਾਲ, ਕੋਕਰੀ ਫੂਲਾ ਸਿੰਘ, ਬੁੱਟਰ, ਧੂੜਕੋਟ ਕਲਾਂ, ਧੂੜਕੋਟ ਟਾਹਲੀ, ਰਣੀਆਂ, ਰੌਂਤਾ, ਪੁਰਾਣੇਵਾਲਾ, ਕਿਸ਼ਨਗੜ੍ਹ, ਚੋਗਾਵਾਂ, ਨੰਗਲ, ਬੌਡੇ, ਰਾਮੂੰਵਾਲਾ ਕਲਾਂ ਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਮਾਈਨਰ ਨੂੰ 2.2 ਕਰੋੜ ਦੀ ਲਾਗਤ ਨਾਲ ਪੱਕੇ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ, ਜਿਸਦੀ ਲੰਬਾਈ 9.70 ਕਿਲੋਮੀਟਰ ਬਣਦੀ ਹੈ। ਇਸ ਨਾਲ 7 ਪਿੰਡਾਂ ਜਿਹਨਾਂ ਵਿੱਚ ਬਿਲਾਸਪੁਰ, ਲੋਹਾਰਾ, ਤਖਤੂਪੁਰਾ, ਧੂੜਕੋਟ ਰਣਸੀਂਹ, ਰਣਸੀਂਹ ਕਲਾਂ, ਰਣਸੀਂਹ ਖੁਰਦ, ਨਿਹਾਲ ਸਿੰਘ ਵਾਲਾ ਸ਼ਾਮਿਲ ਹਨ ਵਿੱਚ 2320 ਏਕੜ ਰਕਬੇ ਨੂੰ ਨਹਿਰੀ ਸਿੰਚਾਈ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ 44.64 ਕਰੋੜ ਦੀ ਲਾਗਤ ਨਾਲ 168.12 ਕਿਲੋਮੀਟਰ 5 ਨੰਬਰ ਖਾਲਿਆਂ ਦਾ ਨਵੀਨੀਕਰਨ ਵੀ ਕੀਤਾ ਜਾਵੇਗਾ, ਜਿਸ ਦਾ ਲਾਭ 27 ਪਿੰਡਾਂ ਨੂੰ ਮਿਲੇਗਾ। ਇਸ ਨਾਲ 13212 ਏਕੜ ਰਕਬੇ ਨੂੰ ਨਹਿਰੀ ਸਿੰਚਾਈ ਨਾਲ ਜੋੜਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ, ਬਰਿੰਦਰ ਕੁਮਾਰ ਮਧੇਕੇ ਚੇਅਰਮੈਨ ਪਲੈਨਿੰਗ ਬੋਰਡ ਅਤੇ ਜਿਲ੍ਹਾ ਪ੍ਰਧਾਨ ਮੋਗਾ, ਅੰਮ੍ਰਿਤਪਾਲ ਸਿੰਘ ਖਾਲਸਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਪਰਮਜੀਤ ਸਿੰਘ ਭੁੱਲਰ ਚੇਅਰਮੈਨ ਮਾਰਕੀਟ ਕਮੇਟੀ ਬੱਧਨੀਂ ਕਲਾਂ, ਹਰਜਿੰਦਰ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ, ਵਾਇਸ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਜਸਦੀਪ ਸਿੰਘ ਗੈਰੀ, ਸੰਗਠਨ ਇੰਚਾਰਜ਼ ਦਵਿੰਦਰ ਸਿੰਘ ਤਖਤੂਪੁਰਾ, ਮਨਦੀਪ ਸਿੰਘ ਮਾਣੂੰਕੇ ਗਿੱਲ ਪ੍ਰਧਾਨ ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ, ਸਰਪੰਚ ਦਰਸ਼ਪ੍ਰੀਤ ਸਿੰਘ ਢੁੱਡੀਕੇ, ਪ੍ਰਧਾਨ ਟਰੱਕ ਯੂਨੀਅਨ ਅਜੀਤਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰ. ਜਸਪਿੰਦਰ ਸਿੰਘ ਗਗਨਦੀਪ ਐਸ ਡੀ ਐਮ ਨਿਹਾਲ ਸਿੰਘ ਵਾਲਾ ਆਦਿ ਹਾਜਰ ਸਨ।
Jiwanjot Savera