ਘਰ ਘਰ ਫਾਰਮ ਵੰਡਣ ਦਾ ਕੰਮ 100 ਫੀਸਦੀ ਮੁਕੰਮਲ
ਜ਼ਿਲ੍ਹਾ ਚੋਣ ਅਫ਼ਸਰ ਸਾਗਰ ਸੇਤੀਆ ਨੇ ਵਿਸ਼ੇਸ਼ ਗਹਿਰੀ ਸੁਧਾਈ ਦੇ ਕੰਮ ਨੂੰ ਪੂਰਨ ਪਾਰਦਰਸ਼ਤਾ ਨਾਲ ਕਰਨ ਲਈ ਬੁਲਾਈ ਸਬੰਧਤ ਅਧਿਕਾਰੀਆਂ ਦੀ ਮੀਟਿੰਗ
ਮੋਗਾ (ਵਿਮਲ) :- ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀ ਯੋਗ ਅਗਵਾਈ ਵਿੱਚ ਮੋਗਾ ਜ਼ਿਲ੍ਹੇ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) 2026 ਦਾ ਕੰਮ ਪੂਰਨ ਪਾਰਦਸ਼ਤਾ ਤੇ ਤੇਜੀ ਨਾਲ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਕੁੱਲ 7 ਲੱਖ 58 ਹਜ਼ਾਰ 410 ਵੋਟਰ ਹਨ , ਜਿਨ੍ਹਾਂ ਨੂੰ ਬੀ.ਐਲ.ਓਜ ਦੁਆਰਾ ਘਰ ਘਰ ਜਾ ਕੇ ਫਾਰਮ ਵੰਡਣ ਦਾ ਕੰਮ 100 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ। 31.67 ਫੀਸਦੀ ਵੋਟਰਾਂ ਦੇ ਫਾਰਮਾਂ ਦੀ ਡਿਜੀਟਾਈਜੇਸ਼ਨ ਮੁਕੰਮਲ ਹੋ ਚੁੱਕੀ ਹੈ ਪੂਰੇ ਪੰਜਾਬ ਵਿੱਚੋਂ ਫਾਰਮਾਂ ਦੀ ਡਿਜੀਟਾਈਜੇਸ਼ਨ ਵਿੱਚ ਮੋਗਾ ਦੂਸਰੇ ਨੰਬਰ ਤੇ ਚੱਲ ਰਿਹਾ ਹੈ। ਫਾਰਮਾਂ ਦੀ ਕੁਲੈਕਸ਼ਨ ਜੰਗੀ ਪੱਧਰ ਤੇ ਚੱਲ ਰਹੀ ਹੈ। ਜ਼ਿਲ੍ਹਾ ਮੋਗਾ ਵਿੱਚ 80 ਚੋਣ ਸੁਪਰਵਾਈਜਰ, 04 ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 804 ਬੀ.ਐਲ.ਓਜ, 08 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਤੋਂ ਇਲਾਵਾ ਹਲਕਾ ਵਾਰ 5-5 ਵਾਧੂ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਅੱਜ ਸਮੂਹ ਐਸ.ਡੀ.ਐਮਜ ਤੇ ਐਸ.ਆਈ.ਆਰ ਵਿੱਚ ਲੱਗੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

ਉਹਨਾਂ ਕਿਹਾ ਕਿ ਜਿਹਨਾਂ ਚੋਣ ਸੁਪਰਵਾਈਜਰਾਂ ਦੀ ਕੰਮ ਦੀ ਫੀਸਦੀ ਘੱਟ ਹੈ ਉਹ ਇਸਨੂੰ ਹੋਰ ਤੇਜੀ ਨਾਲ ਕਰਨਾ ਯਕੀਨੀ ਬਣਾਉਣ ਪ੍ਰੰਤੂ ਧਿਆਨ ਰੱਖਿਆ ਜਾਵੇ ਕਿ ਵੋਟਰਾਂ ਦੇ ਵੇਰਵੇ ਸਤ ਫੀਸਦੀ ਸਹੀ ਭਰਨੇ ਯਕੀਨੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਵੋਟਰ ਵੋਟਰ ਸੂਚੀ ਵਿਚੋਂ ਰਹਿਣਾ ਨਹੀਂ ਚਾਹੀਦਾ ਅਤੇ ਅਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੋਣਾ ਚਾਹੀਦਾ। ਉਹਨਾਂ ਐੱਸ ਡੀ ਐਮਜ ਨੂੰ ਹੁਕਮ ਦਿੱਤੇ ਕਿ ਸਾਰੀ ਪ੍ਰਕਿਰਿਆ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨੀ ਯਕੀਨੀ ਬਣਾਈ ਜਾਵੇ ਤਾਂ ਕਿ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਤਰੁੱਟੀ ਰਹਿਤ ਵੋਟਰ ਸੂਚੀ ਮਜ਼ਬੂਤ ਲੋਕਤੰਤਰ ਦਾ ਆਧਾਰ ਹੈ। ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਆਉਣ ਵਾਲੇ ਬੀ.ਐਲ.ਓ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਸੇਤੀਆ ਨੇ ਕਿਹਾ ਕਿ ਐਸ.ਆਈ.ਆਰ ਦਾ ਮੁੱਖ ਮਕਸਦ ਵੋਟਰ ਸੂਚੀ ਨੂੰ 100 ਫੀਸਦੀ ਸ਼ੁੱਧ, ਨਿਰੋਲ ਤੇ ਕਮੀ ਰਹਿਤ ਬਣਾਉਣਾ ਹੈ। ਜ਼ਿਕਰਯੋਗ ਹੈ ਕਿ ਘਰ-ਘਰ ਫਾਰਮ ਵੰਡਣ ਦੀ ਇਹ ਮੁਹਿੰਮ 24 ਜੁਲਾਈ 2026 ਤੱਕ ਚੱਲੇਗੀ। ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਜੀਏਸ਼ਨ 24 ਜੁਲਾਈ 2026 ਤੱਕ ਕੀਤੀ ਜਾਵੇਗੀ।ਵੋਟਰ ਸੂਚੀ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03 ਅਗਸਤ 2026 ਤੋਂ 02 ਸਤੰਬਰ 2026 ਤੱਕ ਲਏ ਜਾਣਗੇ।ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03 ਅਗਸਤ 2026 ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ।ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 01-10-2026 ਨੂੰ ਕੀਤੀ ਜਾਵੇਗੀ।
Jiwanjot Savera