ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤੀ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
25 ਜੂਨ ਤੋਂ 24 ਜੁਲਾਈ ਤੱਕ ਬੀ.ਐਲ.ਓਜ ਘਰ ਘਰ ਜਾ ਕੇ ਵੰਡਣਗੇ ਪ੍ਰੀ ਪ੍ਰਿੰਟਰ ਇਨੁਮੀਰੇਸ਼ਨ ਫਾਰਮ
ਮੋਗਾ (ਵਿਮਲ) :- ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਪੂਰੀ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਦਾ ਉਦੇਸ਼ ‘ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ’ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਸ ਸਬੰਧ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕਰਨ ਮੌਕੇ ਕੀਤਾ। ਉਹਨਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਉਹ ਆਪਣੇ ਬੂਥ ਲੈਵਲ ਏਜੰਟ (BLA) ਜ਼ਰੂਰ ਨਿਯੁਕਤ ਕਰਨ ਤਾਂ ਜੋ ਇਹ ਕਾਰਜ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਹਨਾਂ ਕਿਹਾ ਕਿ ਸਪੈਸ਼ਲ ਇੰਨਟੈਸਿਵ ਰਿਵੀਜ਼ਨ ਦੇ ਹਰੇਕ ਪੜਾਅ ‘ਤੇ ਰਾਜਨੀਤਿਕ ਪਾਰਟੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸੇ ਲੜੀ ਤਹਿਤ ਜਿਲ੍ਹਾ ਮੋਗਾ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਐਸ.ਆਈ.ਆਰ. ਸਬੰਧੀ ਸਮੁੱਚੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਕੰਮ ਵਿੱਚ ਸਭ ਤੋਂ ਅਹਿਮ ਰੋਲ ਬੀ.ਐਲ.ਓਜ ਦਾ ਹੈ ਅਤੇ ਹਰ ਇੱਕ ਬੀ.ਐਲ.ਓ. ਨੂੰ ਬੀ.ਐਲ.ਓ. ਕਿੱਟ ਮੁਹੱਈਆ ਕਰਵਾਈ ਗਈ ਹੈ ਜਿਸ ਵਿੱਚ ਪ੍ਰੀ ਪ੍ਰਿੰਟਰ ਇਨੁਮੀਰੇਸ਼ਨ ਫਾਰਮਜ ਦਿੱਤੇ ਗਏ ਹਨ। ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਅਧੀਨ ਜਿਲ੍ਹਾ ਮੋਗਾ ਵਿੱਚ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ਼ ਘਰੋਂ-ਘਰੀਂ ਜਾ ਕੇ ਵੋਟਰਾਂ ਨੂੰ ਫਾਰਮ ਵੰਡਣਗੇ।

ਜਿਲ੍ਹੇ ਦੇ ਸਮੂਹ ਵੋਟਰਾਂ (ਭਾਵੇ ਉਹਨਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਣ ਹੋਇਆ ਹੋਵੇ ਜਾ ਨਾ ਹੋਇਆ ਹੋਵੇ) ਨੂੰ ਇਨੁਮੀਰੇਸ਼ਨ ਫਾਰਮ ਭਰਨੇ ਜਰੂਰੀ ਹੋਣਗੇ। ਸਾਗਰ ਸੇਤੀਆ ਨੇ ਮੀਟਿੰਗ ਵਿੱਚ ਆਏ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਕਿਹਾ ਕਿ ਉਹ ਆਪਣੀ-ਆਪਣੀ ਪਾਰਟੀ ਦੇ ਬਾਕੀ ਰਹਿੰਦੇ ਬੀ.ਐਲ.ਏ.-2 ਦੀ ਨਿਯੁਕਤੀ ਜਲਦ ਤੋਂ ਜਲਦ ਕਰਨੀ ਯਕੀਨੀ ਬਣਾਉਣ। ਬੀ.ਐਲ.ਓ. ਵੱਲੋਂ ਮਿਤੀ 25.06.2026 ਤੋਂ ਘਰ-ਘਰ ਜਾਣ ਵਾਲੇ ਪ੍ਰੋਗਰਾਮ ਦੌਰਾਨ ਮਿਤੀ 27.06.2026 ਤੱਕ ਵੱਧ ਤੋਂ ਵੱਧ ਗਣਨਾ ਫਾਰਮ ਵੰਡਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਉਸ ਉਪਰੰਤ ਗਣਨਾ ਫਾਰਮ ਨੂੰ ਵਾਪਸ ਪ੍ਰਾਪਤ ਕਰਨ ਲਈ ਤਿੰਨ ਵਾਰ ਸਬੰਧਤ ਵੋਟਰ ਦੇ ਘਰ ਜਾਵੇਗਾ। ਜੇਕਰ ਫਿਰ ਵੀ ਗਣਨਾ ਫਾਰਮ ਪ੍ਰਾਪਤ ਨਹੀਂ ਹੁੰਦੇ ਤਾਂ ਉਹਨਾਂ ਦੀ ਏ.ਐਸ.ਡੀ.ਡੀ. ਲਿਸਟ ਤਿਆਰ ਕੀਤੀ ਜਾਵੇਗੀ। ਗਣਨਾ ਫਾਰਮ ਪ੍ਰਾਪਤ ਕਰਨ ਵੇਲੇ ਉਸ ਨਾਲ ਕੋਈ ਵੀ ਡਾਕੂਮੈਂਟ ਨਹੀ ਲਿਆ ਜਾਵੇਗਾ (ਸਿਵਾਏ ਐਨ.ਆਰ.ਆਈ. ਵੋਟਰਾਂ ਦੇ ਕੇਸਾ ਵਿੱਚ)। ਇਹਨਾਂ ਕੇਸਾਂ ਵਿੱਚ ਵੋਟਰਾਂ ਤੋਂ ਪਾਸਪੋਰਟ ਦੀ ਫੋਟੋ ਕਾਪੀ ਲਈ ਜਾਵੇਗੀ । ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਬੀ.ਐਲ.ਏ.-2 ਨੂੰ ਗਣਨਾ ਫਾਰਮ ਨੂੰ ਭਰਨ ਅਤੇ ਐਸ.ਆਈ.ਆਰ. ਵਿੱਚ ਉਨਾਂ ਦੀ ਭੂਮਿਕਾ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਜਦੋਂ ਬੀ.ਐਲ.ਓ. ਪੂਰੇ ਇੱਕ ਮਹੀਨੇ ਵਿੱਚ ਏ.ਐਸ.ਡੀ.ਡੀ. ਲਿਸਟ ਤਿਆਰ ਕਰ ਲਵੇਗਾ ਤਾਂ ਮਹੀਨੇ ਦੇ ਆਖੀਰ ਵਿੱਚ ਇਹ ਲਿਸਟ ਜਿਲ੍ਹੇ ਦੀ ਵੈੱਬਸਾਈਟ ਉੱਪਰ, ਪੰਚਾਇਤ ਘਰ ਵਿੱਚ,ਲੋਕਲ ਅਰਬਨ ਬਾਡੀਜ ਦੇ ਦਫਤਰਾਂ ਵਿੱਚ, ਈ.ਆਰ.ਓਜ. ਦੇ ਦਫਤਰ ਵਿੱਚ ਅਤੇ ਮੁੱਖ ਚੋਣ ਅਫਸਰ ਪੰਜਾਬ ਦੀ ਵੈੱਬਸਾਈਟ ਉੱਪਰ ਪਬਲਿਸ਼ ਕੀਤਾ ਜਾਵੇਗਾ। ਲਿਸਟ ਪਬਲਿਸ਼ ਕਰਨ ਤੋਂ ਪਹਿਲਾਂ ਬੀ.ਐਲ.ਓ. ਨੇ ਆਪਣੇ ਦੁਆਰਾ ਬਣਾਈ ਗਈ ਇਸ ਲਿਸਟ ਬੀ.ਐਲ.ਏ. ਨਾਲ ਮੀਟਿੰਗ ਕਰਕੇ ਉਹਨਾਂ ਨਾਲ ਸਾਂਝੀ ਕਰੇਗਾ ਅਤੇ ਉਸ ਲਿਸਟ ਦੇ ਹਰ ਇੱਕ ਪੇਜ ਉੱਪਰ ਸਾਰੀਆਂ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਬੀ.ਐਲ.ਏ. ਦੇ ਹਸਤਾਖਰ ਕਰਵਾਏਗਾ। ਉਹਨਾਂ ਕਿਹਾ ਕਿ ਜਿਹੜੇ ਪੋਲਿੰਗ ਬੂਥਾਂ ਦੀਆਂ ਵੋਟਾ 1200 ਤੋਂ ਵੱਧ ਹਨ, ਉਹਨਾਂ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜੇਸ਼ਨ ਦਾ ਕੰਮ ਮਿਤੀ 24.07.2026 ਤੱਕ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਤੋਂ ਪਿਆਰਾ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਾਜਨ ਬਾਂਸਲ, ਭਾਰਤੀ ਜਨਤਾ ਪਾਰਟੀ ਤੋਂ ਮਨਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਕੁਲਦੀਪ ਸਿੰਘ ਜੋਗੇਵਾਲ ਆਦਿ ਹਾਜਰ ਸਨ।
Jiwanjot Savera