18 ਸਾਲ ਤੋਂ ਛੋਟਾ ਬੱਚਾ ਭੀਖ ਮੰਗਦਾ ਨਜ਼ਰ ਆਵੇ ਤਾਂ ਤੁਰੰਤ 1098 ਤੇ ਕੀਤੀ ਜਾਵੇ ਕਾਲ-ਪਰਮਜੀਤ ਕੌਰ
ਇਸਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੀ ਦਿੱਤੀ ਜਾ ਸਕਦੀ ਹੈ
ਮੋਗਾ (ਕਮਲ) :- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਬਾਲ ਭਿੱਖਿਆ ਨੂੰ ਰੋਕਣ ਲਈ ਅਚਨਚੇਤ ਚੈਕਿੰਗ ਕੀਤੀ ਗਈ। ਇਹ ਚੈਕਿੰਗ 10 ਜੁਲਾਈ 2024 ਤੋਂ ਸ਼ੁਰੂ ਕੀਤੀ ਗਈ ਪਰ ਉਸ ਦਿਨ ਕੋਈ ਵੀ ਬੱਚਾ ਭੀਖ ਮੰਗਦਾ ਨਜ਼ਰ ਨਹੀਂ ਆਇਆ। ਉਸ ਤੋਂ ਬਾਅਦ ਮੋਗਾ ਦੇ ਬੱਸ ਸਟੈਂਡ, ਮੇਨ ਬਾਜ਼ਾਰ, ਬਾਗ ਗਲੀ ਆਦਿ ਸ਼ਹਿਰ ਵਿੱਚ ਚੈਕਿੰਗ ਕੀਤੀ ਗਈ ਜਿੱਥੇ ਦੋ ਬੱਚੀਆਂ ਭੀਖ ਮੰਗਦੀਆਂ ਪਾਈਆਂ ਗਈਆਂ ਟੀਮ ਵੱਲੋਂ ਉਹਨਾਂ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਅਤੇ ਉਹਨਾਂ ਦੇ ਮਾਂ ਬਾਪ ਦੀ ਕਾਉਂਸਲਿੰਗ ਕੀਤੀ। ਉਨ੍ਹਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ ਨੇ ਆਮ ਲੋਕਾਂ ਨੂੰ ਦੱਸਿਆ ਕਿ 18 ਸਾਲ ਤੋਂ ਛੋਟੇ ਬੱਚਿਆਂ ਤੋਂ ਭੀਖ ਨਾ ਮੰਗਵਾਈ ਜਾਵੇ ਅਤੇ ਜੇਕਰ ਕੋਈ ਵੀ ਘੱਟ ਉਮਰ ਦਾ ਬੱਚਾ ਭੀਖ ਮੰਗਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਾਂ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਵੇ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਵਿਅਕਤੀ ਨੂੰ ਜੁਵੇਨਾਈਲ ਜਸਟਿਸ ਐਕਟ ਤਹਿਤ ਦੋ ਸਾਲ ਤੱਕ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਚਲਦੀਆਂ ਰਹਿਣੀਆਂ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉੱਪਰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਬਾਲ ਭਲਾਈ ਕਮੇਟੀ ਦੇ ਮੈਂਬਰ ਸ. ਬਲਵਿੰਦਰ ਸਿੰਘ ਸੰਧੂ, ਸਿੱਖਿਆ ਵਿਭਾਗ ਤੋਂ ਅਧਿਆਪਕ ਸ. ਗੁਰਭੇਜ ਸਿੰਘ, ਜਿਲਾ ਬਾਲ ਸੁਰੱਖਿਆ ਯੂਨਿਟ ਤੋਂ ਜਸਦੀਪ ਸਿੰਘ ਸੋਸ਼ਲ ਵਰਕਰ ਅਤੇ ਪੁਲਿਸ ਵਿਭਾਗ ਤੋਂ ਅਵਤਾਰ ਸਿੰਘ ਸਰਬਜੀਤ ਸਿੰਘ ਸ਼ਾਮਿਲ ਸਨ।