ਆਫ਼ਤ ਪ੍ਰਬੰਧਨ ਦੇ ਬੁਨਿਆਦੀ ਸਿਧਾਂਤ, ਅੱਗ ਸੁਰੱਖਿਆ, ਭੂਚਾਲ ਸੁਰੱਖਿਆ ਅਤੇ ਸੀ.ਪੀ.ਆਰ. ਸਬੰਧੀ ਵਿਸ਼ਿਆਂ ’ਤੇ ਵਿਸਥਾਰ ਨਾਲ ਦਿੱਤੀ ਜਾਣਕਾਰੀ
ਮੁੱਖ ਮੰਤਰੀ ਫ਼ੀਲਡ ਅਫ਼ਸਰ ਮੋਗਾ ਗਗਨਦੀਪ ਸਿੰਘ ਨੇ ਸ਼ਿਰਕਤ ਕਰਕੇ ਭਾਗੀਦਾਰਾਂ ਨੂੰ ਪ੍ਰੋਗਰਾਮ ਵਿੱਚ ਕਰਵਾਏ ਸੁਰੱਖਿਅਤ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ
ਮੋਗਾ (ਵਿਮਲ) :- ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੇ ਕਰਮਚਾਰੀਆਂ ਲਈ ਆਫ਼ਤ ਪ੍ਰਬੰਧਨ ਸਬੰਧੀ ਜਾਗਰੂਕਤਾ ਤੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ।ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਆਫ਼ਤ ਪ੍ਰਬੰਧਨ ਦੇ ਬੁਨਿਆਦੀ ਸਿਧਾਂਤ, ਅੱਗ ਸੁਰੱਖਿਆ, ਭੂਚਾਲ ਸੁਰੱਖਿਆ ਅਤੇ ਸੀ.ਪੀ.ਆਰ. ਸਬੰਧੀ ਵਿਸ਼ਿਆਂ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਜਾਗਰੂਕਤਾ ਪ੍ਰੋਗਰਾਮ-ਕਮ-ਟ੍ਰੇਨਿੰਗ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਫ਼ੀਲਡ ਅਫ਼ਸਰ ਮੋਗਾ ਸ਼੍ਰੀ ਗਗਨਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਭਾਗੀਦਾਰਾਂ ਨੂੰ ਮਨੁੱਖੀ ਅਤੇ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਘਟਾਉਣ ਲਈ ਟ੍ਰੇਨਿੰਗ ਵਿੱਚ ਸਮਝਾਏ ਸਾਰੇ ਰੋਕਥਾਮੀ ਉਪਾਅ ਅਪਣਾਉਣ ਅਤੇ ਜੀਵਨ ਵਿੱਚ ਸੁਰੱਖਿਅਤ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਧਰਮਕੋਟ ਵਿੱਚ ਆਏ ਪਿਛਲੇ ਹੜ੍ਹਾਂ ਦੇ ਹਾਲਾਤਾਂ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਤਿਆਰੀ, ਯੋਜਨਾ ਅਤੇ ਸਮੇਂ ਸਿਰ ਕਾਰਵਾਈ ਨਾਲ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋਂ ਇਸ ਮੌਕੇ ਆਪਣੇ ਕੀਮਤੀ ਸੁਝਾਅ ਵੀ ਦਿੱਤੇ।


ਫਾਇਰ ਅਫ਼ਸਰ ਮੋਗਾ ਅਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਗ ਤੋਂ ਬਚਾਅ ਦੇ ਉਪਾਅ ਅਤੇ ਅੱਗ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਪ੍ਰਯੋਗਿਕ ਅਭਿਆਸ ਵੀ ਕਰਵਾਇਆ ਗਿਆ। ਡਾ. ਸਿਮਰਨਜੀਤ ਧਾਲ਼ੀਵਾਲ ਸਿਹਤ ਵਿਭਾਗ, ਮੋਗਾ ਵੱਲੋਂ ਮੁੱਢਲੀ ਸਹਾਇਤਾ ਅਤੇ ਸੀ ਪੀ ਆਰ ਬਾਰੇ ਵਿਸਥਾਰ ਨਾਲ ਸਮਝਾਇਆ ਅਤੇ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਦੀ ਪ੍ਰਯੋਗਿਕ ਜਾਣਕਾਰੀ ਦਿੱਤੀ। ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਕਰਮਚਾਰੀਆਂ ਨੂੰ ਭੂਚਾਲ, ਅੱਗ ਅਤੇ ਜੈਵਿਕ ਆਫ਼ਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਦੌਰਾਨ ਕੀ ਕਰਨਾ ਹੈ, ਇਸ ਬਾਰੇ ਜਾਗਰੂਕ ਕਰਨਾ ਸੀ ।ਭਾਗੀਦਾਰਾਂ ਨੂੰ ਸੀ ਪੀ ਆਰ ਅਤੇ ਡ੍ਰੌਪ, ਕਵਰ ਐਂਡ ਹੋਲਡ ਡ੍ਰਿੱਲ ਦੀ ਪ੍ਰਯੋਗਿਕ ਡੈਮੋ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਕੂੜੇ-ਕਰਕਟ ਅਤੇ ਸਥਾਨਕ ਸਰੋਤਾਂ ਦੀ ਵਰਤੋਂ ਕਰਕੇ ਐਮਰਜੈਂਸੀ ਦੌਰਾਨ ਆਪਣੀ ਸੁਰੱਖਿਆ ਲਈ ਛੋਟੇ ਮਾਡਲ ਬਣਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੈਸ਼ਨ ਦੌਰਾਨ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ, ਸੜਕ ਸੁਰੱਖਿਆ ਅਤੇ ਰਸਾਇਣਿਕ, ਜੈਵਿਕ, ਰੇਡੀਏਸ਼ਨ, ਪਰਮਾਣੂ ਖ਼ਤਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਸੈਸ਼ਨ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਅਤੇ ਸਾਰੇ ਭਾਗੀਦਾਰਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਗਈ। ਕੁੱਲ ਮਿਲਾ ਕੇ, ਇਸ ਕਾਰਜਕ੍ਰਮ ਦਾ ਮਕਸਦ ਹਰ ਵਿਅਕਤੀ ਨੂੰ ਕਿਸੇ ਵੀ ਆਫ਼ਤ ਦੀ ਸਥਿਤੀ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਤਿਆਰ ਕਰਨਾ ਸੀ।
JiwanJotSavera