ਜਲੰਧਰ (ਅਰੋੜਾ) :- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ 115 ਸਾਲ ਤੋਂ ਪੰਜਾਬੀਆਂ ਦੀ ਵਿਦਿਅਕ ਖੋਜ, ਖੇਡਾਂ ਅਤੇ ਸੱਭਿਆਚਾਰਕ ਪੱਖ ਤੋਂ ਸ਼ਾਨਦਾਰ ਸੇਵਾ ਕਰਨ ਵਿੱਚ ਆਪਣਾ ਮਹੱਤਵਪੂਰਨ ਅਤੇ ਵਿਲੱਖਣ ਯੋਗਦਾਨ ਪਾ ਰਿਹਾ ਹੈ। ਇਹ ਸੰਸਥਾ ਹਮੇਸ਼ਾ ਹੀ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਪ੍ਰਫੁੱਲਤਾ, ਪ੍ਰਚਾਰ ਤੇ ਪ੍ਰਸਾਰ ਲਈ ਹਮੇਸ਼ਾ ਵਚਨਬੱਧ ਹੈ। ਦੁਨੀਆਂ ਭਰ ਵਿੱਚ ਵਸਦੇ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਕਾਲਜ ਦੀ ਇਸ ਸੋਚ ਤੇ ਪਹਿਰੇਦਾਰੀ ਕਰਦਿਆਂ ਸਭਿਆਚਾਰ ਨਾਲ ਜੁੜੀ ਹਰ ਸੇਵਾ ਨੂੰ ਸੁਹਿਰਦਤਾ ਤੇ ਤਨਦੇਹੀ ਨਾਲ ਨਿਭਾਣ ਦੀ ਸਮੇਂ ਸਮੇਂ ਤੇ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸੇ ਦਿਸ਼ਾ ਵਿੱਚ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਦਿਆਂ ਕਾਲਜ ਦੇ ਪੁਰਾਣੇ ਵਿਦਿਆਰਥੀ ਸਰਪ੍ਰੀਤ ਸਿੰਘ (ਟੋਰਾਂਟੋ,ਕੈਨੇਡਾ) ਵੱਲੋਂ ਕਾਲਜ ਦੀ ਭੰਗੜਾ ਟੀਮ ਦੀ ਹੌਸਲਾ ਅਫਜਾਈ ਕਰਦਿਆਂ ਇੱਕ ਲੱਖ ਰੁਪਏ ਦਾ ਚੈੱਕ ਕਾਲਜ ਗਵਰਨਿੰਗ ਕੌਂਸਲ ਨੂੰ ਭੇਟ ਕੀਤਾ। ਉਨਾਂ ਨੇ ਕਿਹਾ ਕਿ ਉਨਾਂ ਨੂੰ ਹਮੇਸ਼ਾ ਇਹ ਮਾਣ ਰਹੇਗਾ ਕਿ ਉਹ ਇਸ ਸੰਸਥਾ ਦੇ ਵਿਦਿਆਰਥੀ ਰਹੇ ਹਨ ਅਤੇ ਇਸ ਕਾਲਜ ਨੇ ਉਹਨਾਂ ਦੀ ਸ਼ਖਸ਼ੀਅਤ ਨੂੰ ਉਸਾਰਨ ਤੇ ਨਿਖਾਰਨ ਵਿੱਚ ਇੱਕ ਵਿਲੱਖਣ ਯੋਗਦਾਨ ਪਾਇਆ ਹੈ। ਉਹ ਹਮੇਸ਼ਾ ਹੀ ਇਸ ਸੰਸਥਾ ਦੀ ਆਭਾ ਨੂੰ ਹੋਰ ਦਿਲਕਸ਼ ਬਣਾਉਣ ਲਈ ਤਤਪਰ ਹਨ ਅਤੇ ਇਸ ਨੂੰ ਹਮੇਸ਼ਾ ਹੀ ਬੁਲੰਦੀਆਂ ਦੇ ਸਿਖਰ ਤੇ ਦੇਖਣ ਦੀ ਇੱਛਾ ਰੱਖਦੇ ਹਨ। ਕਾਲਜ ਦੇ ਅਧਿਆਪਕਾਂ ਤੇ ਗਵਰਨਿੰਗ ਕੌਂਸਲ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਲਈ ਉਹ ਹਮੇਸ਼ਾ ਇੱਥੋਂ ਦੇ ਰਿਣੀ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਉਪ ਪ੍ਰਧਾਨ ਸਰਦਾਰ ਦੀਪਇੰਦਰ ਸਿੰਘ ਪੁਰੇਵਾਲ ਵਲੋਂ ਕਾਲਜ ਆਲੂਮਨੀ ਦੇ ਇਸ ਯੋਗਦਾਨ ਦਾ ਭਰਪੂਰ ਸਵਾਗਤ ਕੀਤਾ ਗਿਆ। ਉਹਨਾਂ ਦੇ ਲੋਕਨਾਚ ਲਈ ਪ੍ਰਗਟਾਏ ਇਸ ਪਿਆਰ ਤੇ ਸਤਿਕਾਰ ਲਈ ਉਹਨਾਂ ਦੀ ਸ਼ਲਾਘਾ ਕੀਤੀ। ਉਨਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਇਹਨਾਂ ਪ੍ਰਤਿਭਾਵਾਨ ਵਿਦਿਆਰਥੀਆਂ ਤੇ ਸਾਨੂੰ ਹਮੇਸ਼ਾ ਮਾਣ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਕਾਮਨਾ ਕਰਦਿਆਂ ਉਹਨਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।ਕਾਲਜ ਦੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਵਿਸ਼ੇਸ਼ ਧੰਨਵਾਦ ਕਰਦਿਆਂ ਸਰਪ੍ਰੀਤ ਸਿੰਘ ਦੀ ਖੁਸ਼ੀ ਕਾਮਯਾਬੀ ਤੇ ਜੀਵਨ ਵਿੱਚ ਵਡੇਰੀਆਂ ਪ੍ਰਾਪਤੀਆਂ ਲਈ ਕਾਮਨਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਾਬਕਾ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡੀਨ ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਨੇ ਕਾਲਜ ਦੀ ਭੰਗੜਾ ਟੀਮ ਨੂੰ ਹੌਸਲਾ ਅਫਜਾਈ ਦੇ ਇਸ ਵਿਸ਼ੇਸ਼ ਇਨਾਮ ਲਈ ਵਧਾਈ ਦਿੱਤੀ। ਇੱਥੇ ਜਿਕਰਯੋਗ ਹੈ ਕਿ ਭੰਗੜਾ ਟੀਮ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਦੇ ਯੁਵਕ ਮੁਕਾਬਲਿਆਂ ਵਿੱਚ ਅਤੇ ਹੋਰ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹੋਏ ਸਫਲਤਾ ਦੇ ਝੰਡੇ ਗੱਡਣ ਵਿੱਚ ਕਾਮਯਾਬ ਹੋਈ ਹੈ। ਉਨਾਂ ਕਿਹਾ ਕਿ ਸਾਨੂੰ ਲੋਕ ਨਾਚ ਭੰਗੜਾ ਟੀਮ ਦੀ ਹਰ ਪ੍ਰਾਪਤੀ ਤੇ ਮਾਣ ਹੈ।
JiwanJotSavera