ਪੰਜਾਬ ਦੇ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਨੂੰ ਤਰਜੀਹ ਦੇਣ ਲੱਗੇ
ਪਿੰਡ ਲੋਪੋ ਵਿੱਚ ਸੁਆਮੀ ਸੰਤ ਜ਼ੋਰਾ ਸਿੰਘ ਜੀ ਦੀ ਸਲਾਨਾ ਬਰਸੀ ਵਿੱਚ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ ਵਿਸ਼ੇਸ਼ ਸ਼ਿਰਕਤ
ਮੈਂਬਰ ਪਾਰਲੀਮੈਂਟ ਬਲਬੀਰ ਸਿੰਘ ਸੀਚੇਵਾਲ ਨੇ ਸੰਤ ਜ਼ੋਰਾ ਸਿੰਘ ਜੀ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ
ਮੋਗਾ (ਵਿਮਲ) :- ਪਿੰਡ ਲੋਪੋ ਵਿੱਚ ਸੁਆਮੀ ਸੰਤ ਜ਼ੋਰਾ ਸਿੰਘ ਜੀ ਦੀ ਸਲਾਨਾ 20 ਵੀ ਬਰਸੀ ਮੌਕੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਲੋਪੋ ਦਰਬਾਰ ਵਿੱਚ ਨਤਮਸਤਕ ਹੋਣ ਉਪਰੰਤ ਕਿਹਾ ਕਿ ਸੁਆਮੀ ਸੰਤ ਜ਼ੋਰਾ ਸਿੰਘ ਨੇ ਸੁਆਮੀ ਸੰਤ ਦਰਬਾਰਾ ਸਿੰਘ ਜੀ ਵੱਲੋਂ ਚਲਾਈਆਂ ਲੋਕ ਭਲਾਈ ਦੀਆਂ ਸੇਵਾਵਾਂ ਨੂੰ ਅੱਗੇ ਤੋਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਜਦੋਂ ਸ਼੍ਰੀ ਗੁਰੁ ਤੇਗ ਬਹਾਦਰ ਜੀ ਦਾ 350 ਵਾਂ ਸ਼ਹੀਦੀ ਦਿਹਾੜਾ ਮਨਾਉਣ ਜਾ ਰਿਹਾ ਹੈ ਤਾਂ ਸਮੁੱਚੇ ਪੰਜਾਬੀਆਂ ਨੂੰ ਇੱਕਜੁਟ ਹੋ ਕੇ ਆਪਣੇ ਪੰਜਾਬ ਨੂੰ ਸ਼੍ਰੀ ਗੁਰੁ ਤੇਗ ਬਹਾਦਰ ਜੀ ਵੱਲੋਂ ਤਿਆਗ ਦੀਆਂ ਦਿੱਤੀਆਂ ਸਿੱਖਿਆਵਾਂ ‘ਤੇ ਚੱਲਣਾ ਚਾਹੀਦਾ ਹੈ ਤੇ ਹਰ ਇੱਕ ਨੂੰ ਧਾਰਮਿਕ ਅਜ਼ਾਦੀ ਮਨਾਣ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਜੂਦਾ ਗੱਦੀਨਾਸ਼ੀਨ ਸੰਤ ਜਗਜੀਤ ਸਿੰਘ ਨਾਲ ਮੁਲਾਕਤ ਦੌਰਾਨ ਕਿਹਾ ਕਿ ਮਾਲਵਾ ਖੇਤਰ ਵਿੱਚ ਪਹਿਲਾਂ ਦੇ ਮੁਕਾਬਲੇ ਇਸ ਵਾਰ ਪਾਰਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ।ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਦੀ ਭੂਮਿਕਾ ਵੀ ਹਾਂਪੱਖੀ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਾਰਲੀ ਨੂੰ ਖੇਤਾਂ ਵਿੱਚ ਵਹਾਉਣ ਦੇ ਲਾਭਾਂ ਨੂੰ ਬਾਖੂਬੀ ਸਮਝਦਾ ਹੈ। ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ 21 ਨਵੰਬਰ 2025 ਤੱਕ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 86 ਫੀਸਦੀ ਕਮੀ ਆਈ ਹੈ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆ ਉਹਨਾਂ ਕਿਹਾ ਕਿ 21 ਨਵੰਬਰ 2023 ਨੂੰ ਪੰਜਾਬ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 35606 ਵਾਪਰੀਆਂ ਸਨ।ਇਸੇ ਤਰ੍ਹਾਂ 21 ਨਵੰਬਰ 2024 ਨੂੰ ਅੱਗ ਲੱਗਣ ਦੀਆਂ ਘਟਨਾਵਾਂ 10296 ਵਾਪਰੀਆਂ ਸਨ ਤੇ ਇਹ ਘਟਨਾ ਹੋਰ ਤੇਜ਼ੀ ਨਾਲ ਘੱਟ ਕੇ 21 ਨਵੰਬਰ 2025 ਨੂੰ 5076 ਰਹਿ ਗਈਆਂ ਹਨ। ਸੰਤ ਸੀਚੇਵਾਲ ਨੇ ਦਸਿਆ ਕਿ ਪੰਜਾਬ ਵਿੱਚ 225 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ ਤੇ ਇਸ ਦੀ ਕੀਮਤ 3800 ਕਰੋੜ ਰੁਪਏ ਬਣ ਜਾਂਦੀ ਹੈ।ਇਸ ਵਿੱਚੋਂ ਹੁਣ ਸਿਰਫ 80 ਤੋਂ 90 ਲੱਖ ਟਨ ਨੂੰ ਹੀ ਅੱਗ ਲਾਈ ਜਾਂਦੀ ਹੈ।ਬਾਕੀ ਪਰਾਲੀ ਪਾਵਰ ਪਲਾਂਟ ਖ਼ਰੀਦ ਲੈਂਦੇ ਹਨ ਤੇ ਕੁਝ ਕਿਸਾਨ ਖੇਤਾਂ ਵਿੱਚ ਵਾਹ ਲੈਂਦੇ ਹਨ।ਖੇਤਾਂ ਵਿਚ ਪਰਾਲੀ ਵਹਾਉਣ ਨਾਲ ਕਿਸਾਨਾਂ ਨੂੰ ਖਾਦ ਘੱਟ ਪਾਉਣੀ ਪੈਂਦੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਜਿਲ੍ਹੇ ਵਿੱਚ ਵੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਜ਼ਬਰਦਸਤ ਕਮੀ ਆਈ ਹੈ।
JiwanJotSavera