ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਗਾ ਵਿੱਚੋਂ ਲੰਘਣ ਵਾਲੀ ਧਾਰਮਿਕ ਯਾਤਰਾ ਕਰਕੇ ਜਾਰੀ ਕੀਤੇ ਪਾਬੰਦੀ ਆਦੇਸ਼- ਜ਼ਿਲ੍ਹਾ ਮੈਜਿਸਟ੍ਰੇਟ
ਮੋਗਾ (ਵਿਮਲ) :- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ-163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਮਿਤੀ 19 ਨਵੰਬਰ ਦੀ ਸ਼ਾਮ ਤੋਂ ਮਿਤੀ 20 ਨਵੰਬਰ 2025 ਦੀ ਦੇਰ ਰਾਤ ਤੱਕ ਯਾਤਰਾ ਦੇ ਰਸਤੇ ਫਿਰੋਜਪੁਰ ਤੋਂ ਲੁਧਿਆਣਾ ਰੋਡ/ਲੁਧਿਆਣਾ ਤੋਂ ਫਿਰੋਜਪੁਰ ਰੋਡ ਦੇ ਦੋਵੇਂ ਪਾਸੇ 100 ਮੀਟਰ ਦੀ ਦੂਰੀ ਤੇ ਸਥਿਤ ਸ਼ਰਾਬ ਦੇ ਠੇਕੇ, ਅਹਾਤੇ, ਤੰਬਾਕੂ ਦੀਆ ਦੁਕਾਨਾਂ, ਮੀਟ/ਮੱਛੀ ਦੀਆ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਿਤੀ 20 ਨਵੰਬਰ 2025 ਨੂੰ ਜ਼ਿਲ੍ਹਾ ਫਿਰੋਜਪੁਰ ਤੋਂ ਮੋਗਾ ਵਿਖੇ ਧਾਰਮਿਕ ਯਾਤਰਾ ਆਵੇਗੀ ਜਿਹੜੀ ਕਿ ਮੋਗਾ ਦੇ ਕੁੱਝ ਸਥਾਨਾਂ ਉੱਪਰ ਰੁਕੇਗੀ। ਇਹਨਾਂ ਸਥਾਨਾਂ ਵਿੱਚ ਗੁਰੂਦੁਆਰਾ ਬਾਬਾ ਜੀਵਨ ਸਿੰਘ ਪਿੰਡ ਦਾਰਾਪੁਰ, ਗੁਰੂਦੁਆਰਾ ਤੰਬੂਮਾਲ ਸਾਹਿਬ ਪਾਤਸ਼ਾਹੀ ਸੱਤਵੀ ਪਿੰਡ ਡਗਰੂ, ਬੁੱਘੀਪੁਰਾ ਬਾਈਪਾਸ, ਗੁਰੂਦੁਆਰਾ ਦੁੱਖ ਭੰਜਨਸਰ ਪਾਤਸ਼ਾਹੀ ਛੇਵੀਂ, ਪਿੰਡ ਮਟਵਾਈ ਗੁਰੂਦੁਆਰਾ ਸ਼੍ਰੀ ਜਾਪ ਸਾਹਿਬ, ਪਿੰਡ ਨਵਾਂ ਚੂਹੜਚੱਕ ਸ਼ਾਮਿਲ ਹਨ। ਉਹਨਾਂ ਕਿਹਾ ਕਿ ਉਕਤ ਸਮਾਗਮ ਨੂੰ ਪੂਰਨ ਧਾਰਮਿਕ ਅਤੇ ਸ਼ਰਧਾ ਭਾਵਨਾ ਨਾਲ ਕਰਵਾਉਣ ਲਈ ਮਿਤੀ 19 ਨਵੰਬਰ ਦੀ ਸ਼ਾਮ ਤੋਂ ਮਿਤੀ 20 ਨਵੰਬਰ 2025 ਨੂੰ ਦੇਰ ਰਾਤ ਤੱਕ ਸੜਕ ਦੇ ਨਜ਼ਦੀਕ ਪੈਂਦੇ ਏਰੀਏ ਵਿੱਚ ਸ਼ਰਾਬ ਦੇ ਠੇਕੇ, ਅਹਾਤੇ, ਤੰਬਾਕੂ ਦੀਆ ਦੁਕਾਨਾਂ, ਮੀਟ/ਮੱਛੀ ਦੁਕਾਨਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
JiwanJotSavera