ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵੱਖ ਵੱਖ ਪਿੰਡਾਂ ਦੇ ਲਗਭਗ 1350 ਲਾਭਪਾਤਰੀਆਂ ਨੂੰ ਕਰੀਬ 5.83 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਦੇ ਮਨਜੂਰੀ ਪੱਤਰ ਵੰਡੇ
ਮੋਗਾ (ਵਿਮਲ) :- ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਨੂੰ ਮੁਆਵਜ਼ਾ/ਰਾਹਤ ਰਾਸ਼ੀ ਪ੍ਰਦਾਨ ਕਰਨ ਅਤੇ ਉਹਨਾਂ ਦੇ ਮੁੜ ਵਸੇਬੇ ਲਈ ਮੁਆਵਜਾ ਰਾਸ਼ੀ ਦੀ ਵੰਡ ਕੀਤੀ ਜਾ ਰਹੀ ਹੈ। ਅੱਜ ਹਲਕਾ ਧਰਮਕੋਟ ਦੇ 17 ਪਿੰਡਾਂ ਵਿੱਚ ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਕਰੀਬ 1350 ਲਾਭਪਾਤਰੀਆਂ ਨੂੰ 5.83 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਦੇ ਮਨਜੂਰੀ ਪੱਤਰ ਜਾਰੀ ਕੀਤੇ। ਇਹਨਾਂ ਵਿੱਚ ਮਕਾਨ ਅਤੇ ਫਸਲੀ ਮੁਆਵਾਜਾ ਦੋਨੋਂ ਲਾਭਪਾਤਰੀ ਸ਼ਾਮਿਲ ਹਨ। ਇਹਨਾਂ ਪਿੰਡਾਂ ਵਿੱਚ ਮਦਾਰਪੁਰ, ਬੰਡਾਲਾ, ਮੰਦਰ ਕਲਾਂ, ਭੈਣੀ, ਮਹਿਰੂਵਾਲਾ, ਦੌਲੇਵਾਲਾ ਕਲਾਂ, ਪਰਲੀਵਾਲਾ, ਆਦਰਾਮਾਨ, ਰੇਹੜ੍ਹਵਾਂ, ਮੰਝਲੀ, ਸੇਰੇਵਾਲਾ, ਗੱਟੀ ਕਮਾਲਕੇ, ਕਮਾਲਕੇ, ਦੌਲੇਵਾਲਾ ਖੁਰਦ, ਚੱਕ ਭੋਰਾ, ਗੱਟੀ ਜੱਟਾਂ, ਚੱਕ ਤਾਰੇਵਾਲਾ ਆਦਿ ਸ਼ਾਮਿਲ ਹਨ।

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਭਾਰੀ ਬਾਰਿਸ਼ ਦੌਰਾਨ ਜਿਨ੍ਹਾਂ ਪਿੰਡਾਂ ਵਿੱਚ ਫ਼ਸਲਾਂ ਜਾਂ ਮਕਾਨਾਂ ਦਾ ਜੋ ਨੁਕਸਾਨ ਹੋਇਆ ਸੀ ਉਨ੍ਹਾਂ ਨੂੰ ਮੁਆਵਾਜਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਹੜ੍ਹ ਪੀੜ੍ਹਤ ਪਰਿਵਾਰਾਂ ਦੇ ਖਾਤਿਆਂ ਵਿੱਚ ਫਸਲਾਂ ਦੇ ਖਰਾਬੇ ਦੀ ਰਾਸ਼ੀ ਪਾਈ ਜਾਣੀ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਪੀੜ੍ਹਤ ਪਰਿਵਾਰਾਂ ਦੀ ਮੱਦਦ ਹੋ ਸਕੇ। ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਭਾਰੀ ਮੀਂਹ ਅਤੇ ਹੜ੍ਹ ਕਾਰਨ ਰਾਜ ਅੰਦਰ ਵੱਡੀ ਪੱਧਰ ਉੱਤੇ ਫਸਲਾਂ ਖ਼ਰਾਬ ਹੋ ਗਈਆਂ ਸਨ, ਕਈ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਵੀ ਢਹਿ ਗਈਆਂ ਸਨ। ਹਰੇਕ ਪ੍ਰਭਾਵਿਤ ਪਰਿਵਾਰ ਨੂੰ ਹੋਏ ਨੁਕਸਾਨ ਦੀ ਪੜਤਾਲ ਉਪਰੰਤ ਰਾਹਤ ਰਾਸ਼ੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਫ਼ਸਲ ਦੇ ਖ਼ਰਾਬੇ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਮਿਲ ਰਹੇ ਹਨ। ਉਨ੍ਹਾਂ ਪੀੜ੍ਹਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਬੰਧਤ ਪਟਵਾਰੀ ਨਾਲ ਮਿਲ ਕੇ ਆਪਣੇ ਬੈਂਕ ਖਾਤੇ, ਆਈ.ਐਫ.ਸੀ ਕੋਡ ਅਤੇ ਆਧਾਰ ਕਾਰਡ ਜ਼ਰੂਰ ਦਰੁਸਤ ਕਰਵਾਉਣ ਤਾਂ ਜੋ ਅਦਾਇਗੀ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੱਸਿਆ ਕਿ ਸਾਰੇ ਪਿੰਡਾਂ ਵਿੱਚ ਗੁਰਦੁਆਰਿਆਂ ਰਾਹੀਂ ਮੁਨਾਦੀ ਵੀ ਕਰਵਾਈ ਜਾ ਰਹੀ ਹੈ ਅਤੇ ਹਰੇਕ ਪਿੰਡ ਵਿੱਚ ਪ੍ਰਸ਼ਾਸ਼ਨ ਖੁਦ ਪਹੁੰਚ ਕੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਵੰਡ ਰਿਹਾ ਹੈ। ਇਸ ਮੌਕੇ ਐਸ.ਡੀ.ਐਮ ਧਰਮਕੋਟ ਹਿਤੇਸ਼ਵੀਰ ਗੁਪਤਾ, ਚੇਅਰਮੈਨ ਮਾਰਕਿਟ ਕਮੇਟੀ ਫਤਹਿਗੜ੍ਹ ਪੰਜਤੂਰ ਸੁਖਮੰਦਰ ਸਿੰਘ ਤੋਂ ਇਲਾਵਾ ਕਿਸਾਨ ਹਾਜਰ ਸਨ।
JiwanJotSavera