ਸਿਵਲ ਹਸਪਤਾਲ ਵਿਚੋਂ ਨਸ਼ਾ ਛੁਡਾਊ ਦਵਾਈਆਂ ਚੁਰਾਉਣ ਵਾਲੇ ਦੋਸ਼ੀਆਂ ਨੂੰ ਕੁੱਝ ਹੀ ਦਿਨਾਂ ਵਿੱਚ ਕਾਬੂ ਕਰਨ ਤੇ ਜ਼ਿਲ੍ਹਾ ਪ੍ਰਸਾਸ਼ਨ, ਪੁਲਿਸ ਪ੍ਰਸ਼ਾਸ਼ਨ ਦੀ ਕੀਤੀ ਸ਼ਲਾਘਾ
ਗੋਲੀਆਂ ਚੋਰੀ ਕਰਨ ਵਾਲੇ ਪੁਲਿਸ ਵੱਲੋਂ ਸਮੇਤ ਗੋਲੀਆਂ ਕੀਤੇ ਕਾਬੂ
ਕਿਹਾ! ਦੋਸ਼ੀਆਂ ਉੱਪਰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਮੋਗਾ (ਵਿਮਲ) :- ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸੱਤਾ ਸੰਭਾਲਣ ਸਾਰ ਹੀ ਨਸ਼ਿਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾ ਦਿੱਤੀ ਸੀ। ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਸ਼ਿਆਂ ਨੂੰ ਖ਼ਤਮ ਕਰਨ ਲਈ ਮੀਲ ਪੱਥਰ ਸਾਬਿਤ ਹੋ ਰਹੀ ਹੈ ਜਿਸਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆ ਰਹੇ ਹਨ। ਮੁਹਿੰਮ ਜਰੀਏ ਹੁਣ ਤੱਕ 20 ਹਜਾਰ ਦੇ ਕਰੀਬ ਵਿਅਕਤੀ ਨਸ਼ਾ ਛੱਡ ਚੁੱਕੇ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਮੋਗਾ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਵਿਧਾਇਕ ਧਰਮਕੋਟ ਦਵਿੰਦਰਜਿਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ, ਐਸ ਐਸ ਪੀ ਮੋਗਾ ਅਜੈ ਗਾਂਧੀ ਤੇ ਸਿਹਤ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ। ਉਹਨਾਂ ਕਿਹਾ ਕਿ ਦਿਵਾਲੀ ਵਾਲੀ ਰਾਤ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚੋਂ ਨਸ਼ਾ ਛੁਡਾਊ ਦਵਾਈਆਂ ਚੋਰੀ ਹੋ ਗਈਆਂ ਸਨ ਜਿਸਦੇ ਦੋਸ਼ੀਆਂ ਨੂੰ ਕੁਝ ਦਿਨਾਂ ਵਿੱਚ ਹੀ ਸਮੇਤ ਗੋਲੀਆਂ ਕਾਬੂ ਕਰ ਲਿਆ ਗਿਆ ਹੈ ਇਸ ਯਤਨ ਲਈ ਉਹਨਾਂ ਜ਼ਿਲ੍ਹਾ ਪ੍ਰਸਾਸ਼ਨ, ਪੁਲਿਸ ਪ੍ਰਸ਼ਾਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸਦੇ ਦੋਸ਼ੀਆਂ ਉੱਪਰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਤੇ ਇਸਦੇ ਕਾਰੋਬਾਰੀਆਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਜਾ ਰਹੀ ਹੈ। ਨਸ਼ਾ ਤਸਕਰ ਸਾਡੇ ਸਮਾਜ ਨੂੰ ਕੋਹੜ ਦੀ ਤਰ੍ਹਾਂ ਚਿੰਬੜੇ ਹੋਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਨਾਲ ਕਰੜੇ ਹੱਥੀਂ ਨਿਪਟਿਆ ਜਾ ਰਿਹਾ ਹੈ।
ਉਹਨਾ ਦੱਸਿਆ ਕਿ ਡਾਕਟਰਾਂ ਦੀ ਟ੍ਰੇਨਿੰਗ, ਨਵਾਂ ਸਟਾਫ ਭਰਤੀ ਕਰਨਾ, ਸਕਿਲ ਡਿਵੈਲਪਮੈਂਟ ਨੂੰ ਵਧਾਵਾ ਦੇਣਾ, ਬੱਚਿਆਂ ਨੂੰ ਨਸ਼ਾ ਛਡਾ ਕੇ ਨਸ਼ੇੜੀ ਪੁੱਤ ਤੋਂ ਕਮਾਊ ਪੁੱਤ ਬਣਾਉਣਾ ਇਸ ਗੱਲ ਦੀ ਹਾਮੀ ਭਰ ਰਹੇ ਹਨ ਕਿ ਆਮ ਆਦਮੀ ਪਾਰਟੀ ਨਸ਼ਿਆਂ ਅਤੇ ਸਿਹਤ ਸਹੂਲਤਾਂ ਦੇ ਸੁਧਾਰ ਲਈ ਪੂਰਨ ਯਤਨਸ਼ੀਲ਼ ਹੈ। ਉਹਨਾਂ ਕਿਹਾ ਕਿ ਹੁਣ ਤੱਕ ਸਰਕਾਰ ਵਲੋਂ 1400 ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਅਤੇ 1000 ਹੋਰ ਨਰਸਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਹਸਪਤਾਲਾਂ ਵਿੱਚ 350 ਤਰ੍ਹਾਂ ਦੀਆਂ ਦਵਾਈਆਂ ਮੁਫਤ ਉਪਲਬਧ ਹਨ।
ਉਹਨਾਂ ਅੱਗੇ ਕਿਹਾ ਕਿ ਮੋਗਾ ਦੇ ਬਾਕੀ ਨਸ਼ਾ ਛੁਡਾਊ ਕੇਂਦਰਾਂ ਸਹਿਤ ਕੋਟ ਈਸੇ ਖਾਂ ਦੇ ਨਸ਼ਾ ਛਡਾਊ ਕੇਂਦਰ ਨੂੰ ਅਪਗਰੇਡ ਕਰਕੇ ਇਸ ਵਿੱਚ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਜਿਸ ਜਰੀਏ ਹੁਣ ਤੱਕ ਹਜ਼ਾਰ ਦੇ ਕਰੀਬ ਵਿਅਕਤੀ ਨਸ਼ਾ ਛੱਡ ਚੁੱਕੇ ਹਨ। ਜਿਕਰਯੋਗ ਹੈ ਕਿ ਦਿਵਾਲੀ ਵਾਲੀ ਰਾਤ ਨੂੰ ਚੋਰੀ ਹੋਈਆਂ ਨਸ਼ਾ ਛੁਡਾਊ ਕੇਂਦਰਾਂ ਵਿਚੋਂ 10150 ਫੜੀਆਂ ਗਈਆਂ ਹਨ ਅਤੇ 850 ਗੋਲ਼ੀਆਂ ਦੋਸ਼ੀਆਂ ਵੱਲੋਂ ਵੇਚੀਆਂ ਗਈਆਂ ਹਨ, ਇਸ ਕੇਸ ਵਿਚਲੇ ਦੋਸ਼ੀ ਗਿਰਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਅੱਗੇ ਵੀ ਪੁੱਛਗਿੱਛ ਜਾਰੀ ਹੈ।
JiwanJotSavera