ਰੱਖਿਆ ਕਮੇਟੀਆਂ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਹਰੇਕ ਸੰਭਵ ਯਤਨ ਕਰਨ ਦਾ ਲਿਆ ਅਹਿਦ
ਪ੍ਰਸ਼ਾਸ਼ਨ, ਡਿਫੈਂਸ ਕਮੇਟੀਆਂ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਨਸ਼ਿਆਂ ਦਾ ਖਾਤਮਾ-ਐਸ.ਡੀ.ਐਮ. ਹਿਤੇਸ਼ਵੀਰ ਗੁਪਤਾ
ਮੋਗਾ (ਵਿਮਲ) :- ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾ ਕੇ ਮੁੜ ਰੰਗਲਾ ਪੰਜਾਬ ਬਣਾਉਣ ਲਈ ਵਿੱਢੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਦੂਜੇ ਪੜਾਅ ਵਿੱਚ ਪਿੰਡ ਅਤੇ ਵਾਰਡ ਰੱਖਿਆ ਕਮੇਟੀਆਂ (ਵੀ ਡੀ ਸੀ/ਡਬਲਯੂ ਡੀ ਸੀ) ਦਾ ਗਠਨ ਮੁਕੰਮਲ ਹੋ ਗਿਆ ਹੈ। ਹੁਣ ਇਨ੍ਹਾਂ ਕਮੇਟੀ ਮੈਂਬਰਾਂ ਲਈ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਗਿਆਨ ਦਿੱਤਾ ਜਾ ਸਕੇ। ਇਸਦੀ ਲਗਾਤਾਰਤਾ ਵਿੱਚ ਅੱਜ ਧਰਮਕੋਟ ਦੀਆਂ ਸਮੂਹ ਪਿੰਡ ਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਦਾ ਆਯੋਜਨ ਸ਼ਗੁਨ ਪੈਲੇਸ ਧਰਮਕੋਟ ਵਿਖੇ ਕੀਤਾ ਗਿਆ। ਇਹਨਾਂ ਪਿੰਡ ਤੇ ਵਾਰਡ ਕਮੇਟੀਆਂ ਵੱਲੋਂ ਅੱਜ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਹਰੇਕ ਸੰਭਵ ਯਤਨ ਕਰਨ ਦਾ ਅਹਿਦ ਵੀ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਧਰਮਕੋਟ ਸ਼੍ਰੀ ਹਿਤੇਸ਼ਵੀਰ ਗੁਪਤਾ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਤੇ ਵਾਰਡ ਰੱਖਿਆ ਕਮੇਟੀਆਂ ਦੀ ਇਸ ਪਹਿਲੀ ਮੀਟਿੰਗ ਤੇ ਟ੍ਰੇਨਿੰਗ ਵਿੱਚ ਧਰਮਕੋਟ ਦੇ ਸਮੂਹ ਕਮੇਟੀਆਂ ਦੇ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਧਰਮਕੋਟ ਵਿੱਚ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਹਿਤੇਸ਼ਵੀਰ ਗੁਪਤਾ ਨੇ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਧਰਕਮੋਟ ਦੇ ਸਾਰੇ ਪਿੰਡਾਂ ਅਤੇ ਵਾਰਡਾਂ ਨੂੰ ਜਾਗਰੂਕ ਕਰ ਚੁੱਕੀ ਹੈ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਧਰਮਕੋਟ ਵਿੱਚ ਕੁੱਲ 168 ਦੇ ਲਗਭਗ ਪੇਂਡੂ/ਵਾਰਡ ਰੱਖਿਆ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਬੇਝਿਜਕ ਗੁਪਤ ਸੂਚਨਾਵਾਂ ਸਾਂਝੀਆਂ ਕੀਤੇ ਜਾਣ ਨਾਲ ਪਿੰਡਾਂ ਵਿੱਚੋਂ ਨਸਿ਼ਆਂ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਰੋਕੂ ਮੋਬਾਇਲ ਐਪ, ਗੁਪਤ ਸੂਚਨਾਵਾਂ ਪੁਲਿਸ ਤੱਕ ਪਹੁੰਚਾਉਣ ਦਾ ਮਾਧਿਅਮ ਹੋਵੇਗੀ ਤੇ ਪੁਲਿਸ ਸੀਮਤ ਸਮੇਂ ਦੇ ਅੰਦਰ ਅੰਦਰ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਵੇਗੀ। ਉਹਨਾਂ ਦੱਸਿਆ ਕਿ ਨਸ਼ਿਆਂ ਦੀ ਅਲਾਮਤ ਨੂੰ ਜ਼ਿਲ੍ਹੇ ਵਿੱਚੋਂ ਜੜ੍ਹੋਂ ਖਤਮ ਕਰਕੇ ਮੁੱਖ ਮੰਤਰੀ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਯੋਗਦਾਨ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ, ਡਿਫੈਂਸ ਕਮੇਟੀਆਂ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਇਸ ਮੌਕੇ ਡੀ.ਐਸ.ਪੀ. ਧਰਮਕੋਟ ਰਾਜੇਸ਼ ਠਾਕੁਰ, ਸਮੂਹ ਥਾਣਾ ਮੁਖੀ ਤੇ ਕਮੇਟੀਆਂ ਦੇ ਮੈਂਬਰ ਹਾਜਰ ਸਨ।
JiwanJotSavera