ਕਿਹਾ ਸ. ਮਾਨ ਤਾਂ ਦੇਸ਼ ਸੇਵਕ ਅਤੇ ਭਕਨਾ ਭਵਨ ਨਾਲ ਕਾਮਰੇਡ ਸੁਰਜੀਤ ਦੇ ਸਮਿਆਂ ਤੋਂ ਹੀ ਜੁੜੇ ਹੋਏ ਹਨ
ਜਲੰਧਰ (ਅਰੋੜਾ) :- ਰੋਜਾਨਾ ਦੇਸ਼ ਸੇਵਕ ਪੰਜਾਬੀ ਅਖਬਾਰ ਚਲਾਉਣ ਵਾਲੀ ਸੰਸਥਾ ” ਬਾਬਾ ਸੋਹਣ ਸਿੰਘ ਭਕਨਾ ਟਰੱਸਟ ” ਦੇ ਚੇਅਰਮੈਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਇੱਥੇ ਇਸ ਪੱਤਰਕਾਰ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰੋਜ਼ਾਨਾ ਦੇਸ਼ ਸੇਵਕ ਦੀ ਭਰਪੂਰ ਪ੍ਰਸ਼ੰਸਾ ਕਰਨ ਦਾ ਸਵਾਗਤ ਕਰਦਿਆਂ ਹੋਇਆ ਕਿਹਾ ਕਿ ਸ. ਮਾਨ ਸ਼ੁਰੂ ਤੋਂ ਹੀ ਦੇਸ਼ ਸੇਵਕ ਨਾਲ ਜੁੜੇ ਹੋਏ ਹਨ। ਕਾਮਰੇਡ ਸੇਖੋਂ ਨੇ ਦੱਸਿਆ ਕਿ ਪਿਛਲੇ ਸਮੇਂ ਜਦੋਂ ਸੀਪੀਆਈ ( ਐਮ ) ਦਾ ਇੱਕ ਡੈਪੂਟੇਸ਼ਨ ਕੁਝ ਜਰੂਰੀ ਮੰਗਾਂ ਵਾਸਤੇ ਮੁੱਖ ਮੰਤਰੀ ਨੂੰ ਮਿਲਿਆ ਸੀ ਤਾਂ ਉਨਾਂ ਨੇ ਦੱਸਿਆ ਕਿ ਉਹ ਤਾਂ ਸਿਆਸਤ ਵਿੱਚ ਆਉਣ ਤੋਂ ਵੀ ਪਹਿਲਾਂ ਦੇ ਇਸ ਅਖਬਾਰ ਨਾਲ ਜੁੜੇ ਹੋਏ ਹਨ।

ਸ. ਮਾਨ ਨੇ ਉਸ ਸਮੇਂ ਨੂੰ ਯਾਦ ਕੀਤਾ ਕਿ ਜਦੋਂ ਅਜੇ ਦੇਸ਼ ਸੇਵਕ ਸ਼ੁਰੂ ਹੀ ਹੋਇਆ ਸੀ ਅਤੇ ਬਾਬਾ ਸੋਹਣ ਸਿੰਘ ਭਕਨਾ ਭਵਨ ਦੀ ਹਾਲੇ ਉਸਾਰੀ ਹੀ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਹੀ ਮੈਂ ਅਤੇ ਹਰਭਜਨ ਮਾਨ ਇੱਥੇ ਆਇਆ ਕਰਦੇ ਸੀ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਨੂੰ ਮਿਲਿਆ ਕਰਦੇ ਸੀ। ਉਹਨਾਂ ਦੱਸਿਆ ਕਿ ਕਾਮਰੇਡ ਸੁਰਜੀਤ ਜੀ ਨੇ ਸਾਨੂੰ ਵੀ ‘ ਦੇਸ਼ ਸੇਵਕ ‘ ਅਤੇ ਬਾਬਾ ਸੋਹਣ ਸਿੰਘ ਭਕਨਾ ਭਵਨ ਦੀ ਉਸਾਰੀ ਵਿੱਚ ਹਿੱਸਾ ਪਾਉਣ ਲਈ ਕਿਹਾ ਸੀ ਅਤੇ ਅਸੀਂ ਵੀ ਕਾਮਰੇਡ ਸੁਰਜੀਤ ਜੀ ਦੇ ਆਦੇਸ਼ ਅਨੁਸਾਰ ਜਿਤਨਾ ਹੋ ਸਕਿਆ ਆਪਣਾ ਯੋਗਦਾਨ ਪਾਇਆ ਸੀ। ਕਾਮਰੇਡ ਸੇਖੋਂ ਨੇ ਸਪਸ਼ਟ ਕੀਤਾ ਕਿ ਅਸੀਂ ਜਿੱਥੇ ਸ. ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਸੇਵਕ ਪ੍ਰਤੀ ਉਨਾਂ ਦੀਆਂ ਹਾਂ ਪੱਖੀ ਭਾਵਨਾਵਾਂ ਅਤੇ ਵਿਚਾਰਾਂ ਦਾ ਸਵਾਗਤ ਕਰਦੇ ਹਾਂ ਅਤੇ ਉਨਾਂ ਦੀ ਸਰਕਾਰ ਦੇ ਚੰਗੇ ਕੰਮਾਂ ਦੀ ਹਿਮਾਇਤ ਕਰਦੇ ਹਾਂ ਉੱਥੇ ਮੁੱਖ ਮੰਤਰੀ ਦੇ ਤੌਰ ਤੇ ਉਨਾਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਲਗਾਤਾਰ ਵਿਰੋਧ ਵੀ ਕਰ ਰਹੇ ਹਾਂ ਅਤੇ ਇਹਨਾਂ ਵਿਰੁੱਧ ਸੰਘਰਸ਼ ਕਰ ਰਹੇ ਹਾਂ। ਕਾਮਰੇਡ ਸੇਖੋਂ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਉਹ ਜਲਦੀ ਹੀ ਪੰਜਾਬ ਦੇ ਕਈ ਭਖਵੇਂ ਮਸਲਿਆਂ ਬਾਰੇ ਮੁੱਖ ਮੰਤਰੀ ਨਾਲ ਮੀਟਿੰਗ ਵੀ ਕਰਨਗੇ।