ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ
ਮੋਗਾ (ਵਿਮਲ) :- ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੋਣ ਕਰਕੇ ਤਕਰੀਬਨ ਸਾਰੇ ਧੰਦੇ ਖੇਤੀਬਾੜੀ ਤੇ ਹੀ ਨਿਰਭਰ ਹਨ ਖੇਤੀਬਾੜੀ ਨੂੰ ਉੱਪਰ ਚੁੱਕਣ ਨਾਲ ਹਰ ਵਰਗ ਨੂੰ ਹੁਲਾਰਾ ਮਿਲਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਅਨਾਜ ਮੰਡੀ ਨਿਹਾਲ ਸਿੰਘ ਵਾਲਾ ਵਿੱਚ 4 ਕਰੋੜ 96 ਲੱਖ ਤੋਂ ਵੱਧ ਦੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ‘ਆਪ’ ਦੇ ਜਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਵੀ ਹਾਜਰ ਸਨ। ਵਿਧਾਇਕ ਬਿਲਾਸਪੁਰ ਨੇ ਦੱਸਿਆ ਕਿ ਅਨਾਜ ਮੰਡੀ ਦੀਆਂ ਅੰਦਰੂਨੀ ਸੜਕਾਂ ਅਤੇ ਪਾਰਕਿੰਗਾਂ ਤੇ 2 ਕਰੋੜ 30 ਲੱਖ ਰੁਪਏ ਅਤੇ ਸਟਰੀਟ ਲਾਈਟਾਂ, ਨਵੇਂ ਫੜ੍ਹ, ਕੰਕਰੀਟ ਕੰਧ ਦੀ ਉਸਾਰੀ ਅਤੇ ਮੰਡੀ ਦੀ ਫੁੱਟਕਲ ਜਗ੍ਹਾ ਤੇ ਡੀ ਬੀ ਫਲੋਰਿੰਗ ਤੇ ਤਕਰੀਬਨ 2 ਕਰੋੜ 66 ਲੱਖ ਰੁਪਏ ,ਕੁੱਲ 4 ਕਰੋੜ 96-ਲੱਖ ਰੁਪਏ ਦੀ ਲਾਗਤ ਨਾਲ ਅਨਾਜ ਮੰਡੀ ਨਿਹਾਲ ਸਿੰਘ ਵਾਲਾ ਦੇ ਵਿਕਾਸ ਕਾਰਜ ਮੁਕੰਮਲ ਹੋਏ ਹਨ । ਇਸ ਸਮੇਂ ਉਨ੍ਹਾਂ ਨੇ ਹਲਕੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਹਨ ਅਤੇ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਜਾਣਦੇ ਹਨ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕਰਦੇ ਹਨ। ਇਸ ਸਮੇਂ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਝੋਨੇ ਦੇ ਸ਼ੀਜਨ ਵਿੱਚ ਕਿਸਾਨ ਭਰਾਵਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਫਸਲ ਨੂੰ ਸੁਕਾ ਕੇ ਵੱਢਣ ਤਾਂ ਕਿ ਉਸਨੂੰ ਵੇਚਣ ਵਿੱਚ ਕੋਈ ਦਿੱਕਤ ਨਾ ਆਵੇ। ਚੇਅਰਮੈਨ ਮਧੇਕੇ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਹਲਕੇ ਦੀਆਂ ਮੰਡੀਆਂ ਵਿੱਚ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕਿਸਾਨ ਵਿੰਗ ਦੇ ਜੋਨ ਇੰਚਾਰਜ਼ ਜਗਦੀਪ ਸਿੰਘ ਧਾਲੀਵਾਲ (ਗਟਰਾ),ਐਸ ਡੀ ਓ ਮੰਡੀ ਬੋਰਡ ਜਸਵੀਰ ਸਿੰਘ, ਸੈਕਟਰੀ ਮੰਡੀ ਬੋਰਡ ਜਸਪ੍ਰੀਤ ਸਿੰਘ,ਮੈਂਬਰ ਪਲੈਨਿੰਗ ਬੋਰਡ ਦਵਿੰਦਰ ਸਿੰਘ ਤਖਤੂਪੁਰਾ, ਜਿਲ੍ਹਾ ਮੀਡੀਆ ਸੈਕਟਰੀ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਲੰਟੀਅਰ ਹਾਜਰ ਸਨ।