ਪਸ਼ੂਆਂ ਦੀ ਭਲਾਈ ਲਈ ਸਥਾਪਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ
ਮੋਗਾ (ਵਿਮਲ) :- ਪਸ਼ੂਆਂ ਤੇ ਅੱਤਿਆਚਾਰਾਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਸਥਾਪਿਤ ਕੀਤੀ ਗਈ ਜਾਨਵਰਾਂ ਤੇ ਜੁਲਮ ਰੋਕੂ ਸੰਸਥਾ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰੇ। ਜ਼ਿਲ੍ਹਾ ਪ੍ਰਸ਼ਾਸ਼ਨ ਪਸ਼ੂਆਂ ਨੂੰ ਸੁਰੱਖਿਅਤ ਰੱਖਣ ਸਮੇਤ ਹੋਰ ਸੁਵਿਧਾਵਾਂ ਲਈ ਸੰਸਥਾ ਨੂੰ ਬਣਦਾ ਯੋਗਦਾਨ ਕਰੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਸੰਸਥਾ ਵਿਚਲੀ ਕਾਰਜਕਾਰੀ ਕਮੇਟੀ ਵਿੱਚ ਸ਼ਾਮਿਲ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਮੈਂਬਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਗਰੇਵਾਲ, ਨਗਰ ਨਿਗਮ ਦੇ ਅਧਿਕਾਰੀ ਅਤੇ ਜ਼ਿਲੇ ਦੇ ਸਮਾਜ ਸੇਵੀ ਵੀ ਹਾਜ਼ਰ ਸਨ। ਮੀਟਿੰਗ ਵਿੱਚ ਸੰਸਥਾ ਵੱਲੋਂ ਬੇਸਹਾਰਾ ਪਸ਼ੂ/ਪੰਛੀਆਂ ਉਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਰੋਕਣ ਲਈ ਕੀਤੇ ਗਏ ਉਪਰਾਲਿਆਂ ਉਪਰ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਐਸ.ਪੀ.ਸੀ.ਏ ਮੈਂਬਰਸ਼ਿਪ ਵਧਾਉਣ ਅਤੇ ਫ਼ੰਡ ਰੇਜਿੰਗ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ। ਉਹਨਾਂ ਡਾ. ਹਰਵੀਨ ਕੌਰ ਡਿਪਟੀ ਡਾਇਰਕੈਟਰ ਪਸ਼ੂ ਪਾਲਣ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਪ੍ਰਾਈਵੇਟ ਜਾਂ ਸਰਕਾਰੀ ਗਊਸ਼ਾਲਾਵਾਂ ਦੀ ਸਮਰੱਥਾ ਦੇ ਵੇਰਵੇ ਆਪਣੇ ਪੱਧਰ ਤੇ ਇਕੱਤਰਤ ਕੀਤੇ ਜਾਣ। ਉਹਨਾਂ ਕਿਹਾ ਕਿ ਸਿਵਲ ਵੈਟਨਰੀ ਹਸਪਤਾਲ ਮੋਗਾ ਵਿਖੇ ਇੱਕ ਮਹੀਨੇ ਦੇ ਅੰਦਰ ਡਾਗ ਕਲੀਨਿਕ ਸਥਾਪਿਤ ਕਰਕੇ ਓ.ਪੀ.ਡੀ. ਖੋਲਣ ਦੀ ਹਦਾਇਤ ਕੀਤੀ, ਤਾਂ ਜੋ ਹਰੇਕ ਵਿਅਕਤੀ ਪਾਲਤੂ ਕੁੱਤੇ ਦਾ ਇਲਾਜ ਸੁਖਾਵੇਂ ਢੰਗ ਨਾਲ ਮੋਗਾ ਵਿਖੇ ਰਹਿ ਕੇ ਕਰਵਾ ਸਕੇ। ਉਹਨਾਂ ਕਿਹਾ ਕਿ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਨਾਲ ਡੌਗ ਹਾਊਸ ਬਣਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਹਨਾਂ ਵੈਟਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੀ ਭਲਾਈ ਲਈ ਬਣੀ ਕਮੇਟੀ ਦੇ ਮੈਂਬਰਾਂ/ਵਲੰਟੀਅਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ ਦੇ ਆਦੇਸ਼ ਦਿੱਤੇ, ਤਾਂ ਜੋ ਇਹ ਮੈਂਬਰ ਅਗਰ ਕੋਈ ਸ਼ਿਕਾਇਤ ਦਰਜ਼ ਕਰਵਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਕੋਲ ਜਾਣ ਤਾਂ ਉਸਦੀ ਰਿਪੋਰਟ ਪਹਿਲ ਦੇ ਅਧਾਰ ਉਤੇ ਦਰਜ ਕੀਤੀ ਜਾਵੇ। ਉਹਨਾਂ ਜ਼ਿਲ੍ਹਾ ਮੋਗਾ ਅੰਦਰ ਪੈਟ ਸ਼ਾਪਸ ਅਤੇ ਡਾਗ ਬਰੀਡਰਾਂ ਦੀ ਚੱਲ ਰਹੀ ਰਜਿਸਟ੍ਰੇਸ਼ਨ ਦਾ ਰੀਵਿਊ ਵੀ ਕੀਤਾ ਅਤੇ ਇਸ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ। ਉਹਨਾਂ ਕਿਹਾ ਕਿ ਜੇਕਰ ਪਾਲਤੂ ਜਾਂ ਅਵਾਰਾ ਪਸ਼ੂਆਂ ਜਾਨਵਰਾਂ ਨਾਲ ਕਿਸੇ ਪ੍ਰਕਾਰ ਦਾ ਅੱਤਿਆਚਾਰ ਹੁੰਦਾ ਹੈ ਤਾਂ ਪੁਲਿਸ ਡੀ.ਐਸ.ਪੀ. ਦੇ ਮੋਬਾਇਲ 91685-00001 ਜਾਂ ਡਾ ਹਰਵੀਨ ਕੌਰ ਜਨਰਲ ਸੈਟਕਰੀ ਐਸ.ਪੀ.ਸੀ.ਏ. 94173-16068 ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ।