ਮੁੱਖ ਖੇਤੀਬਾੜੀ ਅਫ਼ਸਰ ਨੇ ਰੋਕਥਾਮ ਲਈ ਪੀ.ਏ.ਯੂ ਵੱਲੋਂ ਸਿਫਾਰਿਸ਼ਸ਼ੁਦਾ ਕੀਟਨਾਸ਼ਾਕਾਂ ਬਾਰੇ ਦੱਸਿਆ
ਮੋਗਾ (ਵਿਮਲ) :- ਬਾਰਸ਼ ਤੋਂ ਬਾਅਦ ਵਧੀ ਹੋਈ ਹੁੰਮਸ ਨਾਲ ਕਿਸਾਨਾਂ ਦੇ ਖੇਤਾਂ ਵਿਚ ਕੀੜੇ ਅਤੇ ਉੱਲੀ ਦਾ ਹਮਲਾ ਸ਼ੁਰੂ ਹੋ ਗਿਆ ਹੈ, ਇਸ ਸਮੇਂ ਕਈ ਖੇਤਾਂ ਵਿਚ ਭੂਰੇ ਟਿੱਡੇ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਇਸ ਟਿੱਡੇ ਤੋਂ ਫਸਲ ਨੂੰ ਸੁਰੱਖਿਅਤ ਰੱਖਣ ਲਈ ਉਹ ਲਗਾਤਾਰ ਆਪਣੇ ਖੇਤਾਂ ਦਾ ਮੁਆਇਨਾ ਕਰਦੇ ਰਹਿਣ। ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਨੇ ਦੱਸਿਆ ਕਿ ਝੋਨੇ ਦੇ ਬੂਟੇ ਨੂੰ ਹਲਕੇ ਜਿਹਾ ਹਿਲਾਉਣ ਨਾਲ ਭੂਰੇ ਟਿੱਡੇ ਹੇਠਾਂ ਡਿੱਗ ਪੈਂਦੇ ਹਨ, ਜੇਕਰ ਭੂਰੇ ਟਿੱਡਿਆਂ ਦੀ ਗਿਣਤੀ ਪੰਜ ਟਿੱਡੇ ਪ੍ਰਤੀ ਬੂਟੇ ਤੋਂ ਵੱਧ ਜਾਣ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ 80 ਗ੍ਰਾਮ ਓਸ਼ੀਨ/ਟੋਕਿਨ/ਡੋਮੀਨੇਂਟ, 20 ਐਸ.ਜੀ ਡਾਇਨੋਟੈਫੂਰਾਨ ਜਾਂ 120 ਗ੍ਰਾਮ ਚੈਸ 50 ਡਬਲਿਊ.ਜੀ ਪਾਇਮੈਟਰੋਜ਼ਿਨ ਜਾਂ 94 ਮਿਲੀਲਿਟਰ ਪੈਕਸਾਲੋਨ 10 ਐਸ.ਸੀ ਕੀਟਨਾਸ਼ਕ ਦਵਾਈ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕੀਤਾ ਜਾ ਸਕਦਾ ਹੈ। ਇਨ੍ਹਾਂ ਦਵਾਈਆਂ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਛਿੜਕਾਅ ਨੈਪਸੈਕ ਸਪਰੇਅ ਪੰਪ ਨਾਲ ਬੂਟਿਆਂ ਦੇ ਮੁੱਢਾਂ ਵੱਲ ਕੀਤੀ ਜਾਵੇ। ਉਹਨਾਂ ਅੱਗੇ ਦੱਸਿਆ ਕਿ ਝੋਨੇ ਦੀ ਫਸਲ ਨੂੰ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ, ਭੂਰੇ ਧੱਬਿਆਂ ਦੇ ਰੋਗ, ਬਲਾਸਟ, ਝੂਠੀ ਕਾਂਗਿਆਰੀ ਆਦਿ ਬਿਮਾਰੀਆਂ ਦੀ ਰੋਕਥਾਮ ਲਈ ਕਿਸਾਨ ਖੇਤੀਬਾੜੀ ਮਾਹਿਰਾਂ ਨਾਲ ਸਲਾਹ ਕਰਨ ਉਪਰੰਤ ਉੱਲੀਨਾਸ਼ਕ ਦਵਾਈਆਂ ਦਾ ਸਪਰੇਅ ਕਰਨ ਤਾਂ ਜੋ ਫਸਲ ਦੇ ਝਾੜ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।