ਮੋਗਾ (ਵਿਮਲ) :- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਸੂ ਪਾਲਣ ਵਿਭਾਗ ਹੜਾਂ ਜਾਂ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਪਸ਼ੂਆਂ ਨੂੰ ਸੰਭਾਵਿਤ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਹੈ। ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਹਰੇਕ ਜਿਲ੍ਹੇ ਵਿੱਚ ਕੈਪ ਲਗਾਕੇ ਪਸ਼ੂਆਂ ਨੂੰ ਰੈਸਕਿਉ ਕਰ ਰਹੀਆਂ ਹਨ। ਬਿਮਾਰ ਪਸ਼ੂਆ ਦਾ ਟੀਕਾਕਰਨ ਅਤੇ ਇਲਾਜ਼ ਕੀਤਾ ਜਾ ਰਿਹਾ ਹੈ। ਪਸ਼ੂਆ ਦੇ ਖਾਣ ਲਈ ਹਰਾ ਚਾਰਾ ਅਤੇ ਫੀਡ ਵੰਡੀ ਜਾ ਰਹੀ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਹਰਵੀਨ ਕੌਰ ਨੇ ਜ਼ਿਲ੍ਹੇ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਥਿਤੀ ਵਿੱਚ ਪਸ਼ੂਆਂ ਦਾ ਵਿਸ਼ੇਸ ਖਿਆਲ ਰੱਖਣ। ਉਹਨਾਂ ਪਸ਼ੂ ਪਾਲਕਾਂ ਲਈ ਜਰੂਰੀ ਐਡਵਾਈਜਰੀ ਸਾਂਝੀ ਕਰਦਿਆਂ ਕਿਹਾ ਕਿ ਮੌਸਮ ਦੇ ਅਨੁਸਾਰ ਨਮੀ ਅਤੇ ਤਾਪਮਾਨ ਦਾ ਵਾਧਾ ਹੋਣ ਕਰਕੇ ਚਿੱਚੜ ਦੀ ਬਹੁਤਾਦ ਹੋਣ ਕਰਕੇ ਪਰਜੀਵੀ ਰੋਗ ਦਾ ਖਤਰਾ ਜਿਵੇਂ ਕਿ ਐਨਾਪਲਾਜ਼ਮਾ,ਗੈਲਾਡੂ ਰੋਗ, ਬਬੇਸ਼ੀਆ(ਲਹੂ ਮੁਤਨਾ) ਅਤੇ ਚਿਚੜਾਂ ਦਾ ਬੁਖਾਰ ਹੋ ਜਾਂਦਾ ਹੈ । ਪਸ਼ੂਆ ਦੇ ਵਾੜਿਆਂ ਵਿੱਚ ਚਿੱਚੜਾ ਦੇ ਕਾਬੂ ਪਾਉਣ ਲਈ ਸ਼ੈਡ ਦੀ ਫਰਸ਼ ਅਤੇ ਕੰਧਾ ਦੀਆਂ ਤਰੇੜ੍ਹਾ ਜਾਂ ਵਿਰਲਾਂ ਨੂੰ ਭਰਕੇ ਵੈਟਨਰੀ ਡਾਕਟਰ ਦੀ ਸਲਾਹ ਮੁਤਾਬਿਕ ਸ਼ਿਫਾਰਸ਼ ਕੀਤੀਆ ਦਵਾਈਆਂ ਦਾ ਛੜਕਾਅ ਕਰਨਾ ਚਾਹੀਦਾ ਹੈ । ਮੱਖੀਆਂ ਅਤੇ ਮੱਛਰਾਂ ਕਾਰਨ ਪਸ਼ੂਆ ਵਿੱਚ ਤਿੰਨ ਦਿਨਾਂ ਦਾ ਬੁਖਾਰ ਆਮ ਹੋ ਜਾਂਦਾ ਹੈ, ਹੜ੍ਹਾ ਵਾਲੇ ਪਾਣੀ ਵਿੱਚ ਸਾਲਮੋਲੈਨਾ ਅਤੇ ਈ ਕੋਲਾਈ ਵਰਗੇ ਖਤਰਨਾਕ ਕੀਟਾਣੂਆਂ ਕਰਕੇ ਪਸ਼ੂਆ ਵਿੱਚ ਮੋਕ ਲਗ ਜਾਂਦੀ ਹੈ। ਇਸ ਤੋ ਇਲਾਵਾ ਕਲੋਸਟ੍ਰੀਡੀਅਮ ਅਤੇ ਲੈਪਟੋਸਪਾਇਰਾ ਵਰਗੇ ਕੀਟਾਣੂਆਂ ਕਰਕੇ ਟੈਟਨਸ, ਤੂਅਜਾਣ ਅਤੇ ਪੀਲੀਆ ਵਰਗੀ ਸਮੱਸਿਆ ਹੋ ਸਕਦੀ ਹੈ ।ਇਨ੍ਹਾ ਬਿਮਾਰੀਆਂ ਦਾ ਇਲਾਜ ਪਸ਼ੂ ਪਾਲਣ ਵਿਭਾਗ ਦੀਆਂ ਰੈਪਿਡ ਰੈਸਪੌਂਸ ਟੀਮਾਂ ਵੱਲੋ ਮੁਫ਼ਤ ਕੀਤਾ ਜਾ ਰਿਹਾ ਹੈ। ਇਨ੍ਹਾਂ ਬਿਮਾਰੀਆਂ ਦੇ ਬਚਾਅ ਲਈ ਪਿਆਉਣ ਵਾਲਾ ਪਾਈ ਉਬਾਲ ਕੇ ਠੰਡਾ ਕਰਕੇ ਰੱਖਿਆ ਜਾ ਸਕਦਾ ਹੈ ਜਾਂ ਕਲੋਰੀਨ ਦੀਆਂ ਗੋਲੀਆਂ ਕੀਟਾਣੂ ਰਹਿਤ ਕਰਕੇ ਪਿਲਾਇਆ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਪਸ਼ੂਆ ਵਿੱਚ ਤਾਪਮਾਨ ਅਤੇ ਨਮੀ ਦੇ ਤਣਾਅ ਨੂੰ ਘਟਾਉਣ ਵਾਸਤੇ ਪਸ਼ੂਆ ਨੂੰ ਮੱਲਪ ਰਹਿਤ ਅਤੇ ਧਾਤਾਂ ਦੇ ਚਰੇ ਦੀ ਵੰਡ ਦਿੱਤੀ ਜਾਂਦੀ ਹੈ । ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਨੇੜੇ ਦੇ ਹਸਪਤਾਲ ਅਤੇ ਰੈਪਿਡ-ਰੈਸਪੌਸ ਟੀਮਾਂ ਨਾਲ ਰਾਬਤਾ ਕਰਕੇ ਬਿਮਾਰ ਪਸ਼ੂਆਂ ਵਾਸਤੇ ਦਵਾਈਆਂ ਪ੍ਰਾਪਤ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੋਰਾਨ ਪਾਣੀ ਵਿੱਚ ਪਸ਼ੂਆਂ ਦੇ ਖੁਰਾਂ ਉਪਰ ਜਖਮ ਹੋਣ ਕਾਰਨ (ਫੁੱਟ ਰੋਟ) ਹੋ ਜਾਂਦੇ ਹਨ ਜਿਸ ਕਰਕੇ ਪਸ਼ੂ ਲੰਗੜਾ ਕੇ ਤੁਰਦੇ ਹਨ, ਜਖ਼ਮਾਂ ਵਿੱਚ ਪੀਕ ਜਾਂ ਕੀੜੇ ਪੈ ਜਾਂਦੇ ਹਨ ਇਸ ਕਰਕੇ ਪਸ਼ੂ ਤੁਰਨ ਫਿਰਨ ਤੋ ਅਸਮਰਥ ਹੋ ਜਾਂਦੇ ਹਨ,ਇਸ ਵਰਤਾਰੇ ਨੂੰ ਰੋਕਣ ਲਈ ਪਹਿਲਾਂ ਤਾਂ ਪਸ਼ੂਆਂ ਦੇ ਥੱਲੇ ਵਾਲੇ ਸਥਾਨ ਨੂੰ ਸੁੱਕਾ ਕਰਨਾ,ਜਖਮਾਂ ਅਤੇ ਪੈਰਾ ਨੂੰ ਲਾਲ ਦਵਾਈ ਨਾਲ ਧੋਣਾ ਚਾਹੀਦਾ ਹੈ। ਜਖਮਾਂ ਉਪੱਰ ਮੱਲਮ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਹਵਾ ਵਿੱਚ ਨਮੀ ਜਿਆਦਾ ਹੋਣ ਕਰਕੇ ਅਤੇ ਪਾਣੀ ਵਿੱਚ ਬੈਠਣ ਨਾਲ ਥਣਾਂ, ਚਮੜੀ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ। ਪੱਠੇ ਅਤੇ ਤੂੜ੍ਹੀ ਵੀ ਖਰਾਬ ਹੋ ਜਾਂਦੀ ਹੈ। ਇਹਨਾਂ ਵਿੱਚ ਬੈਕਟੀਰੀਆ ਅਤੇ ਉੱਲੀ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਰਕੇ ਪਸ਼ੂ ਵਿੱਚ ਜ਼ਹਿਰਵਾਦ ਹੋ ਜਾਂਦਾ ਹੈ। ਹਰਵੀਨ ਕੌਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਡਵਾਈਜਰੀ ਅਨੁਸਾਰ ਪਸ਼ੂਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਲੋੜ ਪੈਣ ਤੇ ਆਪਣੇ ਨੇੜਲੇ ਪਸ਼ੂ ਹਸਪਤਾਲ ਦੀਆਂ ਸੇਵਾਵਾਂ ਲੈਣ।
