ਕਿਹਾ! ਹਰੇਕ ਤਰੀਕੇ ਨਾਲ ਲੜਾਈ ਲੜ ਕੇ ਪੰਜਾਬ ਦੇ ਲੋਕਾਂ ਨੂੰ ਦਿਵਾਇਆ ਜਾਵੇਗਾ ਯੋਜਨਾ ਦਾ ਲਾਭ
ਪੰਜਾਬ ਸਰਕਾਰ ਆਮ ਲੋਕਾਂ ਦੇ ਨਾਲ, ਲੋਕਾਂ ਦੇ ਹੱਕਾਂ ਉੱਪਰ ਨਹੀਂ ਮਾਰਨ ਦਿੱਤਾ ਜਾਵੇਗਾ ਡਾਕਾ
ਮੋਗਾ (ਕਮਲ) :- ਕੇਂਦਰ ਸਰਕਾਰ ਪੰਜਾਬ ਦੇ ਬਹੁਤ ਸਾਰੇ ਰਾਸ਼ਨ ਕਾਰਡਾਂ ਨੂੰ ਬੰਦ ਕਰਨ ਜਾ ਰਹੀ ਹੈ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ, ਪੰਜਾਬ ਸਰਕਾਰ ਇਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਵਿਰੁੱਧ ਹਰ ਉਹ ਲੜਾਈ ਲੜੇਗੀ ਜਿਸ ਨਾਲ਼ ਕਿਸੇ ਵੀ ਗਰੀਬ ਵਿਅਕਤੀ ਦਾ ਰਾਸ਼ਨ ਕਾਰਡ ਨਾ ਕੱਟਿਆ ਜਾ ਸਕੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰ ਹਰਦੀਪ ਸਿੰਘ ਮੁੰਡੀਆਂ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਨ ਦੌਰਾਨ ਕੀਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ 1.53 ਕਰੋੜ ਰਾਸ਼ਨ ਕਾਰਡਾਂ ਵਿੱਚੋਂ 55 ਲੱਖ ਗ਼ਰੀਬ ਪੰਜਾਬੀਆਂ ਨੂੰ ਮਿਲਣ ਵਾਲਾ ਮੁਫ਼ਤ ਰਾਸ਼ਨ ਬੰਦ ਕਰਨ ਜਾ ਰਹੀ ਹੈ ਜਿਹੜਾ ਕਿ ਬਿਲਕੁਲ ਗ਼ਲਤ ਹੈ।
ਇਸ ਮੌਕੇ ਉਨ੍ਹਾਂ ਨਾਲ ਮੋਗਾ ਵਿਧਾਇਕ ਡਾ ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਧਰਮਕੋਟ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ, ਮੇਅਰ ਨਗਰ ਨਿਗਮ ਸ੍ਰ ਬਲਜੀਤ ਸਿੰਘ ਚਾਨੀ, ਮੀਡੀਆ ਇੰਚਾਰਜ ਗੁਰਮਿੰਦਰ ਸਿੰਘ, ਮੀਡੀਆ ਸੈਕਟਰੀ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ।
ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੈਬਨਿਟ ਮੰਤਰੀ ਸ੍ਰ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੇ.ਵਾਈ.ਸੀ. ਨਾ ਹੋਣ ਦਾ ਬਹਾਨਾ ਲਗਾ ਕੇ 23 ਲੱਖ ਗ਼ਰੀਬਾਂ ਦਾ ਰਾਸ਼ਨ ਜੁਲਾਈ ਤੋਂ ਹੀ ਬੰਦ ਕਰ ਦਿੱਤਾ ਹੈ ਅਤੇ ਹੁਣ 32 ਲੱਖ ਹੋਰ ਲੋਕਾਂ ਦਾ ਰਾਸ਼ਨ 30 ਸਤੰਬਰ ਤੋਂ ਬਾਅਦ ਬੰਦ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਲੋਕ ਤੇ ਗ਼ਰੀਬ ਵਿਰੋਧੀ ਫ਼ੈਸਲਾ ਪੰਜਾਬ ਉੱਪਰ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਮੰਨਦੀ ਹੈ ਅਤੇ ਇਸ ਬੇਇਨਸਾਫ਼ੀ ਵਿਰੁੱਧ ਆਮ ਆਦਮੀ ਪਾਰਟੀ ਹਰ ਪੱਧਰ ‘ਤੇ ਲੜਾਈ ਲੜੇਗੀ।
ਸਮੂਹ ਵਿਧਾਇਕਾਂ ਨੇ ਕਿਹਾ ਕਿ ਅਸਲ ਵਿੱਚ ਦਿੱਲੀ ਦੇ ਏ.ਸੀ. ਕਮਰਿਆਂ ਵਿੱਚ ਬੈਠੇ ਲੋਕ ਪੰਜਾਬ ਦੇ ਪਿੰਡਾਂ ਦੀ ਅਸਲ ਹਾਲਤ ਨੂੰ ਨਹੀਂ ਸਮਝਦੇ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਪੁੱਤਰ ਨੂੰ ਨੌਂਕਰੀ ਮਿਲਦੀ ਹੈ ਤਾਂ ਕੀ ਇਸ ਨਾਲ ਪੂਰਾ ਪਰਿਵਾਰ ਅਮੀਰ ਹੋ ਜਾਂਦਾ ਹੈ? ਕੀ ਪੁਰਾਣੀ ਕਾਰ ਹੋਣ ਦਾ ਮਤਲਬ ਹੈ ਕਿ ਪਰਿਵਾਰ ਭੁੱਖਾ ਨਹੀਂ ਰਹਿ ਸਕਦਾ? ਉਨ੍ਹਾਂ ਕਿਹਾ ਕਿ ਅਸਲ ਵਿੱਚ ਭਾਜਪਾ ਪੰਜਾਬ ਦੇ ਗ਼ਰੀਬਾਂ ਦੇ ਦਰਦ ਨੂੰ ਨਹੀਂ ਸਮਝਣਾ ਚਾਹੁੰਦੀ, ਇਹ ਸਿਰਫ਼ ਬਹਾਨੇ ਲੱਭ ਕੇ ਰਾਸ਼ਨ ਬੰਦ ਕਰ ਰਹੀ ਹੈ।
ਕੈਬਨਿਟ ਮੰਤਰੀ ਸ੍ਰ ਮੁੰਡੀਆਂ ਨੇ ਕਿਹਾ ਕਿ ਜਿੰਨਾ ਚਿਰ ਸੂਬੇ ਵਿੱਚ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੈ, ਕਿਸੇ ਵੀ ਗ਼ਰੀਬ ਦਾ ਰਾਸ਼ਨ ਨਹੀਂ ਰੁਕੇਗਾ। ਉਨ੍ਹਾਂ ਕਿਹਾ ਕਿ 1.29 ਕਰੋੜ ਰਾਸ਼ਨ ਲਾਭਪਾਤਰੀਆਂ ਦੀ ਤਸਦੀਕ ਪੂਰੀ ਹੋ ਗਈ ਹੈ ਅਤੇ ਬਾਕੀ ਰਹਿੰਦੇ ਲੋਕਾਂ ਦੀ ਤਸਦੀਕ ਅਗਲੇ 6 ਮਹੀਨਿਆਂ ਵਿੱਚ ਘਰ-ਘਰ ਜਾ ਕੇ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਦਾ ਪੰਜਾਬੀਆਂ ਨਾਲ ਵਾਅਦਾ ਹੈ ਕਿ ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਕਾਰਡ ਕੱਟਿਆ ਨਹੀਂ ਜਾਵੇਗਾ, ਕਿਸੇ ਮਾਂ ਦੀ ਥਾਲ਼ੀ ਖ਼ਾਲੀ ਨਹੀਂ ਰਹੇਗੀ ਅਤੇ ਨਾ ਹੀ ਕਿਸੇ ਦਾ ਬੱਚਾ ਭੁੱਖਾ ਰਹੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਸ਼ਨ ਨਹੀਂ, ਸਨਮਾਨ ਦੀ ਲੜਾਈ ਹੈ, ਅਧਿਕਾਰਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਗ਼ਰੀਬਾਂ ਦੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਕਰਾਂਗੇ।