ਲੋਕ ਘਬਰਾਉਣ ਨਾ, ਪੰਜਾਬ ਸਰਕਾਰ ਦਰਿਆ ਲਾਗਲੇ ਪਿੰਡਾਂ ਦੀ ਹਰੇਕ ਮੁਸ਼ਕਿਲ ਘੜੀ ਵਿੱਚ ਨਾਲ- ਵਿਧਾਇਕ
ਕਿਹਾ! ਪਾਣੀ ਦਾ ਪੱਧਰ ਵਧਣ ਨਾਲ ਪੇਸ਼ ਹੋਈਆਂ ਮੁਸ਼ਕਿਲਾਂ ਦਾ ਕੀਤਾ ਜਾ ਰਿਹਾ ਹੱਲ, ਲੋਕਾਂ ਨੂੰ ਤਰਪਾਲਾਂ, ਪਸ਼ੂਆਂ ਲਈ ਫੀਡ ਤੇ ਹੋਰ ਸਮਾਨ ਕੀਤਾ ਪਹੁੰਚਦਾ
ਮੌਜੂਦਾ ਸਥਿਤੀ ਠੀਕ, ਫਿਰ ਵੀ ਪ੍ਰਸ਼ਾਸਨ ਰੱਖ ਰਿਹੈ ਪਲ ਪਲ ਦੀ ਖਬਰ, ਕੰਟਰੋਲ ਰੂਮ 24 ਘੰਟੇ ਚਾਲੂ – ਡਿਪਟੀ ਕਮਿਸ਼ਨਰ
ਮੋਗਾ (ਕਮਲ) :- ਮੌਨਸੂਨ ਸੀਜ਼ਨ ਅਤੇ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਧਰਮਕੋਟ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਸਤਲੁਜ ਦਰਿਆ ਨਾਲ਼ ਪ੍ਰਭਾਵਿਤ ਹੋਣ ਵਾਲੇ ਸੰਭਾਵੀ ਖੇਤਰਾਂ, ਖਾਸ ਕਰਕੇ ਧਰਮਕੋਟ ਦੇ ਨਾਲ ਲਗਦੇ ਇਲਾਕਿਆਂ ਵਿੱਚ ਹੜ੍ਹ ਤੋਂ ਸੁਰੱਖਿਆ ਲਈ ਅਗਾਊਂ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਦੌਰਾ ਕੀਤਾ। ਉਹਨਾਂ ਧਰਮਕੋਟ ਦੇ ਪਿੰਡ ਰਾਊਵਾਲਾ ਵਿਖੇ ਬਣਾਏ ਗਏ ਹੜ੍ਹ ਰਾਹਤ ਕੈਂਪ ਦਾ ਦੌਰਾ ਕਰਕੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਵਿਧਾਇਕ ਨੇ ਦੱਸਿਆ ਕਿ ਬੀਤੇ ਦਿਨ ਪਾਣੀ ਦਾ ਪੱਧਰ ਵਧਣ ਨਾਲ ਪੇਸ਼ ਹੋਈਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਤਰਪਾਲਾਂ, ਪਸ਼ੂਆਂ ਲਈ ਫੀਡ ਤੇ ਹੋਰ ਸਮਾਨ ਪਹੁੰਚਦਾ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਇਸ ਦੌਰਾਨ ਪਿੰਡ ਸੰਘੇੜਾ, ਮੇਲਕ ਕੰਗਾ, ਮੰਦਰ ਕਲਾਂ ਅਤੇ ਸਤਲੁਜ ਦਰਿਆ ਨਾਲ ਲਗਦੇ ਪਿੰਡਾਂ ਦਾ ਦੌਰਾ ਕਰਕੇ ਮੁਸ਼ਕਿਲਾਂ ਸੁਣੀਆਂ ਗਈਆਂ।



ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਧਰਮਕੋਟ ਦੇ ਜਿਹੜੇ ਕੁੱਝ ਪਿੰਡ ਦਰਿਆ ਨਾਲ ਲੱਗਦੇ ਹਨ ਉਹਨਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਅਗਾਊਂ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦਰਿਆ ਦੇ ਨਜਦੀਕ ਰਹਿੰਦੇ ਲੋਕਾਂ ਦੀ ਹਰੇਕ ਮੁਸ਼ਕਿਲ ਘੜੀ ਵਿੱਚ ਨਾਲ਼ ਹੈ। ਫਿਲਹਾਲ ਹਾਲੇ ਸਥਿਤੀ ਬਿਲਕੁਲ ਠੀਕ ਹੈ। ਪਾਣੀ ਦਾ ਪੱਧਰ ਵਧਣ ਕਾਰਨ ਆਈਆਂ ਦਿੱਕਤਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਲੋਕਾਂ ਦੀ ਮੰਗ ਅਨੁਸਾਰ ਜੋ ਜੋ ਲੋੜੀਂਦੀਆਂ ਵਸਤੂਆਂ ਦੀ ਉਹ ਮੰਗ ਕਰ ਰਹੇ ਹਨ ਸਮੇਂ ਸਿਰ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਮੋਗਾ ਦੇ ਅਧਿਕਾਰੀਆਂ ਨੂੰ ਲਗਾਤਾਰ ਧੁੱਸੀ ਬੰਨ੍ਹ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਹਾਲਾਂਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਹੈ। ਉਨ੍ਹਾਂ ਇਸ ਮੌਕੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਹਰ ਸੰਭਵ ਮਦਦ ਦਾ ਯਕੀਨ ਦਵਾਇਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਵਿੱਚ ਮੈਡੀਕਲ ਕੈਂਪ ਵੀ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਹੜ੍ਹਾਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਅਫ਼ਵਾਹ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਸਥਾਪਿਤ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨੰਬਰ 01636-235206’ਤੇ ਸੰਪਰਕ ਕੀਤਾ ਜਾ ਸਕਦਾ ਹੈ।