ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਸਮੂਹ ਕੰਬਾਈਨ ਆਪ੍ਰੇਟਰਾਂ/ ਮਾਲਕਾਂ ਨਾਲ ਮੀਟਿੰਗ
ਕਿਹਾ! ਸੀਜ਼ਨ ਦੌਰਾਨ ਸੁਪਰ ਐਸ.ਐਮ.ਐਸ. ਸਿਸਟਮ ਤੋ ਬਿਨ੍ਹਾਂ ਨਾ ਚਲਾਈ ਜਾਵੇ ਕੋਈ ਵੀ ਕੰਬਾਈਨ
ਸ਼ਵੇਰੇ 10 ਵਜ੍ਹੇ ਤੌ ਸ਼ਾਮ 6 ਵਜੇ ਤਂਕ ਹੀ ਚਲਾਈਆਂ ਜਾਣ ਕੰਬਾਇਨਾਂ-ਡੀ ਸੀ
ਮੋਗਾ (ਕਮਲ) :- ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਹੁਣੇ ਤੋਂ ਹੀ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੰਬਾਈਨ ਆਪ੍ਰੇਟਰ/ ਮਾਲਕ ਆਪਣੀ ਅਹਿਮ ਭੂਮਿਕਾ ਨਿਭਾ ਕੇ ਵਾਤਾਵਰਨ ਸ਼ੁੱਧਤਾ ਵਿੱਚ ਸਹਿਯੋਗ ਕਰਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਜ਼ਿਲ੍ਹਾ ਦੇ ਸਮੂਹ ਕੰਬਾਈਨ ਆਪ੍ਰੇਟਰਾਂ/ ਮਾਲਕਾਂ ਨਾਲ ਮੀਟਿੰਗ ਕਰਨ ਮੌਕੇ ਕੀਤਾ। ਇਸ ਮੀਟਿੰਗ ਵਿੱਚ ਉਹਨਾਂ ਨਾਲ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸ਼ਨ ਦੇ ਨੁਮਾਇੰਦੇ ਹਾਜ਼ਰ ਸਨ। ਉਹਨਾਂ ਕੰਬਾਈਨ ਆਪ੍ਰੇਟਰਾਂ/ਮਾਲਕਾਂ ਨੂੰ ਪਰਾਲੀ ਨਾ ਸਾੜ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਾਥ ਦੇਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਅੰਦਰ ਸੁਪਰ ਸਟਰਾਅ ਮੈਨੇਜਮੈਟ ਸਿਸਟਮ (ਐਸ.ਐਮ.ਐਸ.) ਤੋ ਬਿਨ੍ਹਾਂ ਕੋਈ ਵੀ ਕੰਬਾਇਲ ਨਾ ਚਲਾਈ ਜਾਵੇ । ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਤੇ ਮਾਰੂ ਪ੍ਰਭਾਵ ਪੈਂਦੇ ਹਨ, ਇਸ ਲਈ ਐਸ.ਐਮ.ਐਸ. ਤੋ ਬਿਨ੍ਹਾਂ ਕਿਸੇ ਵੀ ਕੰਬਾਇਨ ਨੂੰ ਚੱਲਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਵੇਰੇ 10 ਵਜੇ ਤੋਂ ਸ਼ਾਮ 06 ਵਜੇ ਤੱਕ ਹੀ ਕੰਬਾਈਨਾਂ ਚਲਾਈਆ ਜਾਣ।

ਉਹਨਾਂ ਕਿਹਾ ਕਿ ਸਵੇਰੇ 10 ਵਜੇ ਤੋਂ ਪਹਿਲਾਂ ਝੋਨੇ ਦੀ ਫ਼ਸਲ ਤੇ ਤਰੇਲ ਕਾਫ਼ੀ ਜਿਆਦਾ ਹੁੰਦੀ ਹੈ। ਤਰੇਲ ਕਾਰਣ ਜਿੱਥੇ ਝੋਨੇ ਦੀਆਂ ਮੁੰਜਰਾਂ ਨਾਲੋਂ ਦਾਣੇ ਝੜਦੇ ਨਹੀਂ, ਉਥੇ ਵੱਧ ਨਮੀ ਕਾਰਣ ਫ਼ਸਲ ਦੇ ਦਾਣੇ ਕਾਲੇ ਹੋ ਜਾਂਦੇ ਹਨ ਅਤੇ ਫ਼ਸਲ ਦੀ ਕੁਆਲਟੀ ਵਿੱਚ ਗਿਰਾਵਟ ਆ ਜਾਂਦੀ ਹੈ। ਇਸ ਨਾਲ ਹੀ ਸ਼ਾਮ 6 ਵਜੇ ਤੋਂ ਬਾਅਦ ਵੀ ਤਰੇਲ ਪੈਣ ਕਾਰਣ ਅਤੇ ਦੇਰ ਰਾਤ ਫ਼ਸਲ ਦੀ ਕਟਾਈ ਕਾਰਣ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ਝੋਨੇ ਨੂੰ ਜਦੋਂ ਜਿਮੀਦਾਰਾਂ ਵੱਲੋਂ ਮੰਡੀਆਂ ਵਿੱਚ ਲਿਆਂਦਾ ਜਾਂਦਾ ਹੈ ਤਾਂ ਨਮੀ ਨਿਰਧਾਰਤ ਮਾਪਦੰਡਾਂ ਮੁਤਾਬਿਕ ਨਾ ਹੋਣ ਕਰਕੇ ਖਰੀਦ ਏਜੰਸੀਆਂ ਅਜਿਹੀ ਫ਼ਸਲ ਨੂੰ ਖਰੀਦਣ ਤੋਂ ਸੰਕੋਚ ਕਰਦੀਆਂ ਹਨ ਅਤੇ ਖਰੀਦ ਏਜੰਸੀਆਂ ਵੱਲੋਂ ਅਜਿਹੇ ਵੱਧ ਨਮੀਂ ਵਾਲੇ ਝੋਨੇ ਦੀ ਖਰੀਦ ਨਹੀਂ ਕੀਤੀ ਜਾਂਦੀ।
ਇਸ ਤੋਂ ਇਲਾਵਾ ਜਿਮੀਦਾਰਾਂ ਵੱਲੋਂ ਮੰਡੀਆਂ ਵਿੱਚ ਵੱਧ ਨਮੀ ਵਾਲਾ ਝੋਨਾ ਲਿਆਉਣ ਕਾਰਣ ਥਾਂ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਂਦਾ ਹੈ। ਇਸ ਲਈ ਕਿਸਾਨ ਪਹਿਲਾਂ ਤੋਂ ਹੀ ਇਸ ਪ੍ਰਤੀ ਸੁਚੇਤ ਰਹਿਣ। ਕੰਬਾਈਨ ਮਾਲਕਾਂ ਆਪ੍ਰੇਟਰਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਗਏ ਹਰੇਕ ਹੁਕਮ ਦੀ ਪਾਲਣਾ ਯਕੀਨੀ ਬਨਾਉਣਗੇ ਅਤੇ ਕੋਈ ਵੀ ਮਸ਼ੀਨ ਬਿਨਾਂ ਐਸ ਐਮ ਐਸ ਤੋਂ ਨਹੀਂ ਚਲਾਈ ਜਾਵੇਗੀ ਅਤੇ ਮਸ਼ੀਨਾਂ ਪ੍ਰਸ਼ਾਸ਼ਨ ਵੱਲੋਂ ਨਿਯਤ ਕੀਤੇ ਸਮੇਂ ਅਨੁਸਾਰ ਹੀ ਚਲਾਈਆਂ ਜਾਣਗੀਆਂ।