ਪੰਜਾਬ ਸਰਕਾਰ ਨੇ ਹਰੇਕ ਵਿਅਕਤੀ ਨੂੰ ਦਿੱਤਾ ਬਿਨ੍ਹਾਂ ਸ਼ਰਤ ਦੇ 10 ਲੱਖ ਦਾ ਸਿਹਤ ਬੀਮਾ ਹਰੇਕ ਹਸਪਤਾਲ ਵਿੱਚ ਹਰੇਕ ਦਵਾਈ ਦੀ ਉਪਲੱਬਧਤਾ ਬਣਾਈ ਜਾ ਰਹੀ ਯਕੀਨੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਤਪਾਲ ਮੋਗਾ ਦਾ ਕੀਤਾ ਅਚਨਚੇਤ ਦੌਰਾ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਆਕਸੀਜਨ ਪਲਾਂਟ ਦਾ ਕੀਤਾ ਨਿਰੀਖਣ
ਮੋਗਾ (ਵਿਮਲ) :- ਸੂਬੇ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੂਬੇ ਦੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਕੀਤੇ ਜਾ ਰਹੇ ਹਨ। ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਮਿਸਾਲੀ ਬਣਾਉਣ ਲਈ ਹਰੇਕ ਲੋੜੀਂਦੇ ਉਪਰਾਲੇ ਜਾਰੀ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਨੇ ਮੋਗਾ ਦੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਨ ਮੌਕੇ ਕੀਤਾ। ਉਹਨਾਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ, ਆਕਸੀਜਨ ਪਲਾਂਟ ਅਤੇ ਹੋਰ ਅਹਿਮ ਸੇਵਾਵਾਂ ਦਾ ਜ਼ਾਇਜਾ ਲਿਆ । ਇਸ ਮੌਕੇ ਉਹਨਾਂ ਨਾਲ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਔਜਲਾ ਤੇ ਸਿਹਤ ਵਿਭਾਗ ਮੋਗਾ ਦੇ ਅਧਿਕਾਰੀ ਹਾਜਰ ਸਨ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਦਾ ਆਧੁਨੀਕਰਨ ਕਰਨ ਤੋਂ ਇਲਾਵਾ ਹਰੇਕ ਸਰਕਾਰੀ ਹਸਪਤਾਲ ਦੀ ਦਸ਼ਾ ਸੁਧਾਰ ਰਹੀ ਹੈ।

ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਹਰੇਕ ਹਸਪਤਾਲ ਵਿੱਚ ਹੁਣ 350 ਤੋਂ ਵਧੇਰੇ ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ, ਪਹਿਲਾਂ ਇਹਨਾਂ ਦੀ ਗਿਣਤੀ 170 ਸੀ। ਉਹਨਾਂ ਕਿਹਾ ਕਿ ਹਰੇਕ ਹਸਪਤਾਲ ਵਿੱਚ ਸਤ ਫੀਸਦੀ ਦਵਾਈਆਂ ਦੀ ਉਪਲੱਧਤਾ ਅਤੇ ਹਰੇਕ ਮਰੀਜ ਤੱਕ ਇਹਨਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਹ ਖੁਦ ਹਰੇਕ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਅਚਨਚੇਤ ਦੌਰਾ ਕਰ ਰਹੇ ਹਨ ਅਤੇ ਮਰੀਜਾਂ ਤੋਂ ਰੀਵਿਊ ਪ੍ਰਾਪਤ ਕਰ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲ ਹੁਣ ਰੈਫਰ ਸੈਂਟਰ ਨਹੀਂ ਸਗੋਂ ਉੱਚ ਪੱਧਰੀ ਇਲਾਜ ਵਾਲੇ ਹਸਪਤਾਲ ਵਜੋਂ ਜਾਣੇ ਜਾਣਗੇ। ਉਹਨਾਂ ਕਿਹਾ ਕਿ ਹਰੇਕ ਹਸਪਤਾਲ ਵਿੱਚ ਆਕਸੀਜਨ ਸਪਲਾਈ, ਬਿਜਲੀ ਸਪਲਾਈ, ਬਿਜਲੀ ਦੀ ਹਾਟਲਾਈਨ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ ਤਾਂ ਕਿ ਕਿਸੇ ਵੀ ਮਰੀਜ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਣਾ ਨਾ ਕਰਨਾ ਪਵੇ। ਸਿਹਤ ਵਿਭਾਗ ਵਿੱਚ ਪਹਿਲਾਂ 1000 ਡਾਕਟਰ ਭਰਤੀ ਕੀਤੇ ਜਾ ਚੁੱਕੇ ਹਾਂ ਅਤੇ ਆਉਣ ਵਾਲੇ ਦਿਨਾਂ ਵਿੱਚ 1000 ਡਾਕਟਰ ਹੋਰ ਭਰਤੀ ਕੀਤਾ ਜਾ ਰਿਹਾ ਹੈ ਜਿਸ ਨਾਲ ਡਾਕਟਰਾਂ ਦੀ ਘਾਟ ਨੂੰ ਬਹੁਤ ਹੱਦ ਤੱਕ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਹਾਰਟ ਅਟੈਕ ਲਈ 50 ਹਜਾਰ ਦੀ ਕੀਮਤ ਨਾਲ ਲੱਗਣ ਵਾਲਾ ਟੀਕਾ ਹੁਣ ਤੱਕ 583 ਮਰੀਜ਼ਾਂ ਨੂੰ ਮੁਫਤ ਲਗਾਇਆ ਜਾ ਚੁੱਕਿਆ ਹੈ ਜਿਹੜਾ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈ। ਆਮ ਆਦਮੀ ਕਲੀਨਿਕਾਂ ਵਿੱਚ 80 ਤੋਂ ਵਧਾ ਕੇ 160 ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਕਰਵਾ ਦਿੱਤੀਆਂ ਹਨ। ਡੇਂਗੂ, ਗਰਭਵਤੀ ਔਰਤਾਂ ਦੀ ਦੇਖਭਾਲ, ਰੇਬੀਜ, ਕਾਲਾ ਪੀਲੀਆ, ਏਡਜ ਆਦਿ ਬਿਮਾਰੀਆਂ ਦਾ ਇਲਾਜ ਹਰੇਕ ਆਮ ਆਦਮੀ ਕਲੀਨਿਕ ਵਿੱਚ ਮੁਹੱਈਆ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਸਿਹਤ ਖੇਤਰ ਵਿੱਚ ਲਿਆਂਦੀਆਂ ਗਈਆਂ ਕ੍ਰਾਂਤੀਆਂ ਦੀ ਲੜੀ ਵਿੱਚ ਸਭ ਤੋਂ ਅਹਿਮ ਕ੍ਰਾਂਤੀ ਸਿਹਤ ਬੀਮਾ ਦੀ ਹੈ ਜਿਸ ਵਿੱਚ ਹਰੇਕ ਵਿਅਕਤੀ ਨੂੰ ਬਿਨ੍ਹਾਂ ਸ਼ਰਤ ਤੋਂ 10 ਲੱਖ ਰੁਪਏ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾ ਰਿਹਾ ਹੈ।