ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕੀਤੀ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਚੇਅਰਮੈਨ ਰਮਨ ਮਿੱਤਲ, ਹਰਮਨਦੀਪ ਸਿੰਘ ਬਰਾੜ, ਬਲਜੀਤ ਸਿੰਘ ਚਾਨੀ, ਕੌਂਸਲਰਾਂ ਤੇ ਪਾਰਟੀ ਵਰਕਰ ਵੀ ਰਹੇ ਮੌਜੂਦ
ਮੋਗਾ (ਕਮਲ) :- ਬੀਤੇ ਦਿਨੀਂ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ‘ਚ ਆਤੰਕੀਆਂ ਵੱਲੋਂ ਧਰਮ ਪੁੱਛ-ਪੁੱਛ ਕੇ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੇ ਜਾਣ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਇਸ ਅੱਤਵਾਦੀ ਹਮਲੇ ਵਿੱਚ ਕਿਸੇ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ, ਕਿਸੇ ਨੇ ਆਪਣਾ ਭਰਾ ਗੁਆ ਦਿੱਤਾ ਹੈ, ਕਿਸੇ ਨੇ ਆਪਣਾ ਜੀਵਨ ਸਾਥੀ ਗੁਆ ਦਿੱਤਾ ਹੈ। ਇਸ ਹਮਲੇ ਵਿੱਚ ਦੇਸ਼ ਦੇ ਸੈਲਾਨੀਆਂ ਨੂੰ ਵੀ ਜਾਨਾਂ ਗੁਆਣੀਆਂ ਪਈਆ। ਉਨ੍ਹਾਂ ਸਾਰੇ ਲੋਕਾਂ ਦੀ ਮੌਤ ‘ਤੇ ਸਾਡਾ ਸਾਰਿਆਂ ਦਾ ਦੁੱਖ ਇੱਕੋ ਜਿਹਾ ਹੈ ਅਤੇ ਅਸੀਂ ਪਰਮਾਤਮਾ ਅੱਗੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦੇ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਮੋਗਾ ਦੇ ਪਾਠਸ਼ਾਲਾ ਮੰਦਰ ਪ੍ਰਤਾਪ ਰੋਡ ਵਿਖੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕਰਨ ਮੌਕੇ ਕੀਤਾ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਸ਼੍ਰੀ ਰਮਨ ਮਿੱਤਲ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਗਾ ਸ੍ਰ ਹਰਮਨਦੀਪ ਸਿੰਘ ਬਰਾੜ, ਮੇਅਰ ਨਗਰ ਨਿਗਮ ਮੋਗਾ ਸ੍ਰ. ਬਲਜੀਤ ਸਿੰਘ ਚਾਨੀ, ਕੌਂਸਲਰ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜਰ ਸਨ।

ਸਮੂਹ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਵੀ ਧਾਰਨ ਕੀਤਾ। ਵਿਧਾਇਕ ਨੇ ਕਿਹਾ ਕਿ ਮਾਰੇ ਗਏ ਬੇਗੁਨਾਹ ਲੋਕਾਂ ਤੇ ਉਹਨਾਂ ਨੂੰ ਬਹੁਤ ਅਫ਼ਸੋਸ ਹੈ। ਉਹਨਾਂ ਸਮੂਹ ਪੰਜਾਬ ਵਾਸੀਆਂ, ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਤੰਕਵਾਦੀਆਂ ਦੀਆਂ ਇਹ ਧਰਮ ਦੇ ਨਾਮ ਤੇ ਲੜਾਈਆਂ ਦੀਆਂ ਚਾਲਾਂ ਨੂੰ ਪਛਾਣਿਆ ਜਾਵੇ ਅਤੇ ਆਪਸੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਕਾਇਮ ਰੱਖੀ ਜਾਵੇ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਰਮਨ ਅਰੋੜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਗਾ ਸ੍ਰ. ਹਰਮਨਦੀਪ ਸਿੰਘ ਬਰਾੜ, ਮੇਅਰ ਨਗਰ ਨਿਗਮ ਮੋਗਾ ਸ੍ਰ. ਬਲਜੀਤ ਸਿੰਘ ਚਾਨੀ ਵੱਲੋਂ ਵੀ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਬੇਨਤੀ ਕੀਤੀ।