ਕਿਸਾਨ ਤੂੜੀ ਬਣਾਉਣ ਵਿੱਚ ਕਾਹਲੀ ਨਾ ਕਰਨ, ਉਹਨਾਂ ਦੀ ਭਲਾਈ ਲਈ ਹੀ ਆਦੇਸ਼ ਕੀਤੇ ਜਾਰੀ-ਮੁੱਖ ਖੇਤੀਬਾੜੀ ਅਫ਼ਸਰ
ਮੋਗਾ (ਕਮਲ) :- ਕਿਸਾਨ ਕਣਕ ਦੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਤੁਰੰਤ ਬਾਅਦ ਆਪਣੇ ਖੇਤਾਂ ਵਿੱਚ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ ਚਲਾਕੇ ਕਣਕ ਦੇ ਬਚੇ ਹੋਏ ਨਾੜ ਤੋਂ ਤੂੜੀ ਬਨਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ, ਜਦਕਿ ਕਣਕ ਦਾ ਨਾੜ ਉਸ ਸਮੇਂ ਸਲਾਬਾ/ਨਮੀਂ ਭਰਿਆ ਹੁੰਦਾ ਜਿਸ ਦੌਰਾਨ ਮਸ਼ੀਨ ਵਿੱਚ ਰਗੜ ਨਾਲ ਗਰਮਾਇਸ਼ ਪੈਦਾ ਹੋਣ ਕਰਕੇ ਕਣਕ ਦੀ ਖੜੀ ਫ਼ਸਲ ਨੂੰ ਅੱਗ ਲੱਗਣ ਦੀ ਸੰਭਾਵਨਾ ਬਣਦੀ ਹੈ। ਅਜਿਹੀਆਂ ਦੁਰਘਟਨਾਵਾਂ ਨਾਲ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਰੱਖਿਆ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ, ਭਾਰਤੀ ਨਾਗਰਕਿ ਸੁਰੱਖਿਆ ਸੰਘਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ, ਲੋਕ ਹਿੱਤ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ ਚਲਾਉਣ ਤੇ ਮਿਤੀ 30 ਅਪ੍ਰੈਲ 2025 ਤੱਕ ਪੂਰਨ ਪਾਬੰਦੀ ਪਹਿਲਾਂ ਤੋਂ ਹੀ ਲਗਾਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਤੂੜੀ ਬਣਾਉਣ ਵਿੱਚ ਕਾਹਲੀ ਨਾ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਗਏ ਉਕਤ ਪਾਬੰਦੀ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।