ਜਲੰਧਰ (ਅਰੌੜਾ) – ਜਲੰਧਰ 8 ਤੇ 9 ਮਾਰਚ 2025 ਨੂੰ ਗੁਰਦੁਆਰਾ ਦੂਖ ਨਿਵਾਰਣ ਸਾਹਿਬ, ਜਲੰਧਰ ਵਿਖੇ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ ਰਾਜਯੋਗੀ, ਮਹਾਂ- ਪਰਉਪਕਾਰੀ ਤੇ ਮਾਨਵਤਾ ਪਿਆਰ ਦੇ ਪੁੰਜ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਅਤੇ ਪਦਮ ਸ਼੍ਰੀ ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਮਿੱਠੀ ਅਤੇ ਪਿਆਰੀ ਯਾਦ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕਰਕੇ ਗੁਰਮਤਿ ਵਿਚਾਰਾਂ ਨੂੰ ਸ੍ਰਵਣ ਕੀਤਾ। ਸਮਾਗਮ ਦੌਰਾਨ ਕੀਰਤਨ, ਪਾਠ, ਅਤੇ ਆਤਮਕ ਪ੍ਰਚਾਰ ਦੇ ਰਾਹੀਂ ਸੰਗਤਾਂ ਨੂੰ ਸਿੱਖੀ ਦੇ ਮੂਲ ਸਿਧਾਤਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ।ਦੁਪਹਿਰ 12:00 ਵਜੇ *ਵਿਸ਼ੇਸ਼ ਅੰਮ੍ਰਿਤ ਸੰਚਾਰ*, ਜਿਸ ਦੌਰਾਨ ਕਈ ਸੰਗਤਾਂ ਨੇ ਗੁਰੂ ਮਹਾਰਾਜ ਦੇ ਚਰਨਾ ਵਿੱਚ ਸ਼ਰਨ ਲਈ।
ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਵੀ ਕੀਤਾ ਗਿਆ। ਧਾਰਮਿਕ ਸਮਾਗਮ ਦੌਰਾਨ ਗੁਰਮਤਿ ਬਚਨ ਡਾਕਟਰ ਦਵਿੰਦਰ ਸਿੰਘ ( ਪ੍ਰਧਾਨ ਕਲਗੀਧਰ ਟਰਸਟ ਬੜੂ ਸਾਹਿਬ), ਗੁਰਮਤਿ ਬਚਨ ਭਾਈ ਜਗਜੀਤ ਸਿੰਘ (ਮੀਤ ਪ੍ਰਧਾਨ ਕਲਗੀਧਰ ਟਰਸਟ ਬੜੂ ਸਾਹਿਬ), ਗੁਰਮਤਿ ਵਿਚਾਰ ਬੀਬੀ ਜਸਜੀਤ ਕੌਰ ਐਡਵੋਕੇਟ, ਸਿਮਰਨ ਸਾਧਨਾ ਭਾਈ ਦਵਿੰਦਰ ਸਿੰਘ ਖਾਲਸਾ (ਖੰਨੇ ਵਾਲੇ), ਕਥਾ ਗਿਆਨੀ ਪ੍ਰਿਤਪਾਲ ਸਿੰਘ (ਹੈਡ ਗ੍ਰੰਥੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ), ਕੀਰਤਨ ਭਾਈ ਜਸਪਾਲ ਸਿੰਘ (ਰਾਜ ਨਗਰ ਵਾਲੇ) , ਕੀਰਤਨ ਭਾਈ ਸੰਜਮ ਪ੍ਰੀਤ ਸਿੰਘ , ਭਾਈ ਸ਼ੌਕੀਨ ਸਿੰਘ, ਅਨਾਹਦ ਬਾਣੀ ਤੰਤੀ ਸਾਜ਼ ਜਥਾ , ਭਾਈ ਕਰਨੈਲ ਸਿੰਘ, ਗਿਆਨੀ ਹਰਪਾਲ ਸਿੰਘ ਆਦਿ ਹੋਰ ਵੀ ਪਤਵੰਤੇ ਹਾਜ਼ਰ ਸਨ। ਇਸ ਟ ਸਮਾਗਮ ਵਿੱਚ ਕਈ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਗੁਰਬਾਣੀ ਕੰਠ, ਧਾਰਮਿਕ ਕਵਿਤਾ ਉਚਾਰਨ, ਸੁੰਦਰ ਲਿਖਾਈ, ਪੇਂਟਿੰਗ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ।