ਹਸਪਤਾਲ ਨੂੰ ਐਬੂਲੈਂਸ, ਸਫਾਈ ਕਰਨ ਵਾਲੀ ਮਸ਼ੀਨ ਅਤੇ ਏ ਸੀ ਦੇਣ ਦਾ ਵੀ ਕੀਤਾ ਐਲਾਨ
ਅੰਮ੍ਰਿਤਸਰ (ਪ੍ਰਦੀਪ) :- ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਲੋਹੜੀ ਦਾ ਪਵਿੱਤਰ ਤਿਉਹਾਰ ਸਿਵਲ ਹਸਪਤਾਲ ਅਜਨਾਲਾ ਵਿੱਚ ਨਵੀਆਂ ਜੰਮੀਆਂ ਧੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਮਨਾਇਆ। ਇਸ ਮੌਕੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ, ਡਾਕਟਰ ਭਾਰਤੀ ਧਵਨ, ਡਾਕਟਰ ਗੁਰਮੀਤ ਕੌਰ ਐਸਐਮਓ ਡਾਕਟਰ ਸ਼ਾਲੂ ਅਗਰਵਾਲ, ਅਮਰਦੀਪ ਸਿੰਘ , ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਪ੍ਰਧਾਨ ਜਸਪਾਲ ਸਿੰਘ ਢਿੱਲੋ, ਅਮਿਤ ਔਲ, ਕੌਂਸਲਰ ਰਾਜਬੀਰ ਕੌਰ ਚਾਹਲ, ਪ੍ਰਧਾਨ ਦਵਿੰਦਰ ਸਿੰਘ ਸੋਨੂ ਅਜਨਾਲਾ ਅਤੇ ਹੋਰ ਪਤਵੰਤੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਸ ਧਾਲੀਵਾਲ ਨੇ ਧੀਆਂ ਦੇ ਪਰਿਵਾਰਾਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਲੋਹੜੀ ਵੰਡੀ। ਉਹਨਾਂ ਨੇ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਧੀਆਂ ਪੜ੍ਹ ਲਿਖ ਕੇ ਪਰਿਵਾਰ ਅਤੇ ਦੇਸ਼ ਦਾ ਨਾਂ ਉੱਚਾ ਕਰਨ। ਸ ਧਾਲੀਵਾਲ ਨੇ ਕਿਹਾ ਕਿ ਇਸ ਵੇਲੇ ਸਾਡੇ ਲਈ ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਜਿਲ੍ਹੇ ਦੀ ਵਾਗਡੋਰ ਬਤੌਰ ਡਿਪਟੀ ਕਮਿਸ਼ਨਰ ਇੱਕ ਲੜਕੀ ਨਿਭਾਅ ਰਹੀ ਹੈ।
ਇਸੇ ਤਰ੍ਹਾਂ ਉਹਨਾਂ ਦੇ ਨਾਲ ਦੋ ਵਧੀਕ ਡਿਪਟੀ ਕਮਿਸ਼ਨਰ, ਦੋ ਐਸ ਡੀ ਐਮ, ਸਾਡੇ ਸਿਵਲ ਸਰਜਨ, ਕਈ ਤਹਿਸੀਲਦਾਰ, ਨਾਇਬ ਤਹਸੀਲਦਾਰ ਅਤੇ ਪਟਵਾਰੀ ਦੇ ਤੌਰ ਉੱਤੇ ਵੀ ਸਾਡੀਆਂ ਧੀਆਂ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਪੁੱਤਾਂ ਅਤੇ ਧੀਆਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਵਿੱਚ ਰਤੀ ਭਰ ਵੀ ਫਰਕ ਨਾ ਰੱਖੋ, ਬਲਕਿ ਧੀਆਂ ਨੂੰ ਤਰਜੀਹ ਦਿਓ, ਕਿਉਂਕਿ ਧੀ ਦੇ ਪੜ੍ਹਨ ਨਾਲ ਦੋ ਪਰਿਵਾਰ ਪੜ੍ਹ ਜਾਂਦੇ ਹਨ। ਉਹਨਾਂ ਨੇ ਇਸ ਮੌਕੇ ਸਿਵਲ ਹਸਪਤਾਲ ਅਜਨਾਲਾ ਨੂੰ ਐਂਬੂਲੈਂਸ ਸਫਾਈ ਕਰਨ ਵਾਲੀ ਮਸ਼ੀਨ ਅਤੇ ਏਸੀ ਦੇਣ ਦਾ ਐਲਾਨ ਵੀ ਕੀਤਾ।