ਸ਼ਹੀਦ ਫੌਜੀ ਦੇ ਪਰਿਵਾਰ ਨਾਲ ਹਮਦਰਦੀ ਦਾ ਕੀਤਾ ਇਜ਼ਹਾਰ
ਅੰਮ੍ਰਿਤਸਰ (ਪ੍ਰਦੀਪ) :- ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਬੀਤੇ ਦਿਨੀਂ ਦੇਸ਼ ਲਈ ਸ਼ਹੀਦ ਹੋਏ ਪਿੰਡ ਜਬੋਵਾਲ ਵਾਸੀ ਸ ਜੁਗਰਾਜ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਕ ਜਵਾਨ ਦੇ ਤੁਰ ਜਾਣ ਦਾ ਜਿੱਥੇ ਸਾਨੂੰ ਅਥਾਹ ਦੁੱਖ ਹੈ ਉੱਥੇ ਮਾਣ ਵੀ ਹੈ ਕਿ ਸਾਡੇ ਹਲਕੇ ਦਾ ਇਹ ਨੌਜਵਾਨ ਦੇਸ਼ ਲਈ ਆਪਾ ਵਾਰ ਗਿਆ ਹੈ। ਅੱਜ ਪਰਿਵਾਰ ਨਾਲ ਹਮਦਰਦੀ ਕਰਨ ਲਈ ਉਚੇਚੇ ਤੌਰ ਉਤੇ ਪੁੱਜੇ ਸ ਹਰਭਜਨ ਸਿੰਘ ਨੇ ਸ਼ਹੀਦ ਦੇ ਪਿਤਾ ਸ ਨਿਰਮਲ ਸਿੰਘ ਜੋ ਕਿ ਫੌਜ ਵਿੱਚੋਂ ਸੇਵਾ ਮੁਕਤ ਹੋ ਕੇ ਆਏ ਹਨ, ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹਨ ਅਤੇ ਜੁਗਰਾਜ ਸਿੰਘ ਸਾਡੇ ਹਲਕੇ ਦਾ ਉਹ ਜਵਾਨ ਹੈ, ਜਿਸ ਨੇ ਦੇਸ਼ ਲਈ ਸ਼ਹੀਦੀ ਦੇ ਜਾਮ ਪੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਪਰਿਵਾਰ ਦੇ ਨਾਲ ਖੜੀ ਹੈ ਅਤੇ ਜੇਕਰ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ ਤਾਂ ਮੈਨੂੰ ਇਸ ਵਿੱਚ ਵੱਡੀ ਤਸੱਲੀ ਮਿਲੇਗੀ । ਉਹਨਾਂ ਨੇ ਪਿੰਡ ਦੀ ਪੰਚਾਇਤ ਨੂੰ ਵੀ ਹਦਾਇਤ ਕੀਤੀ ਕਿ ਉਹ ਸ਼ਹੀਦ ਦੇ ਪਰਿਵਾਰ ਦੀ ਹਰ ਜਰੂਰਤ ਅਤੇ ਉਹਨਾਂ ਦੇ ਮਾਣ ਸਤਿਕਾਰ ਦਾ ਪੂਰਾ ਧਿਆਨ ਰੱਖਣ। ਕੈਬਨਿਟ ਮੰਤਰੀ ਨੇ ਕਿਹਾ ਕਿ ਫੌਜੀ ਦੇਸ਼ ਲਈ ਲੜਦੇ ਹਨ, ਦੇਸ਼ ਲਈ ਕੰਮ ਕਰਦੇ ਹਨ ਅਤੇ ਦੇਸ਼ ਲਈ ਸ਼ਹੀਦ ਹੁੰਦੇ ਹਨ। ਇਸ ਲਈ ਸਾਡੇ ਫੌਜੀ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਇਸ ਸਰਮਾਏ ਉਤੇ ਸਾਨੂੰ ਸਦਾ ਮਾਣ ਹੈ।