ਅੰਮ੍ਰਿਤਸਰ (ਪ੍ਰਦੀਪ) :- ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਜੰਡਿਆਲਾ ਗੁਰੂ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਇਸ ਨੂੰ 18 ਮਹੀਨਿਆਂ ਦੇ ਵਿੱਚ ਵਿੱਚ ਪੂਰਾ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਇਹ ਪਲਾਂਟ ਚਾਲੂ ਹੋਣ ਨਾਲ ਜੰਡਿਆਲਾ ਗੁਰੂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਣਾ ਹੈ ਇਸ ਲਈ ਇਸ ਦੀ ਕੁਆਲਿਟੀ ਦਾ ਵੀ ਖਾਸ ਖਿਆਲ ਰੱਖਿਆ ਜਾਵੇ।
ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜੰਡਿਆਲਾ ਨਗਰ ਕੌਂਸਲ ਨੇ ਦੋ ਏਕੜ ਜਮੀਨ ਖਰੀਦ ਕੇ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਅਤੇ ਲੋਕਾਂ ਨੂੰ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਜੰਡਿਆਲਾ ਵਿੱਚੋਂ ਸਫਾਈ ਦੀਆਂ ਵੱਡੀਆਂ ਉਮੀਦਾਂ ਹਨ, ਜਿਨਾਂ ਉੱਤੇ ਖਰਾ ਉਤਰਨਾ ਜਰੂਰੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਦਾ ਕੰਮ ਆਉਣ ਵਾਲੇ ਡੇਢ ਸਾਲ ਤੱਕ ਪੂਰਾ ਕਰੋ। ਸ ਹਰਭਜਨ ਸਿੰਘ ਨੇ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਅਤੇ ਇਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਮੇਰਾ ਫਰਜ਼ ਹੈ, ਜਿਸ ਵਿੱਚ ਮੈਂ ਰਤੀ ਭਰ ਵੀ ਕੁਤਾਈ ਨਹੀਂ ਕਰਦਾ।