ਮੱਛੀ ਪਾਲਣ ਵਿਭਾਗ ਵੱਲੋਂ ਸਰਤੀ ਦੀ ਰੁੱਤ ਦੇ ਮੱਦੇਨਜ਼ਰ ਮੱਛੀ ਪਾਲਕਾਂ ਲਈ ਐਡਵਾਈਜ਼ਰੀ ਜਾਰੀ

ਵੱਧਦੀ ਸਰਦੀ ਵਿੱਚ ਮੱਛੀ ਪਾਲਕ ਰੱਖਣ ਇਨ੍ਹਾਂ ਖਾਸ ਗੱਲਾਂ ਦਾ ਧਿਆਨ – ਜਤਿੰਦਰ ਸਿੰਘ ਗਰੇਵਾਲ

ਮੋਗਾ (ਕਮਲ) :- ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਸਰਦੀ ਦੇ ਮੌਸਮ ਵਿੱਚ ਮੱਛੀ ਪਾਲਕਾਂ ਲਈ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਤਾਂ ਕਿ ਵਧ ਰਹੀ ਸਰਦੀ ਦੇ ਮੌਸਮ ਦਾ ਮੱਛੀਆਂ ਜਾਂ ਮੱਛੀ ਪਾਲਕਾਂ ਦੇ ਕਾਰੋਬਾਰ ਉੱਪਰ ਕੋਈ ਮਾੜਾ ਪ੍ਰਭਾਵ ਨਾ ਪਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਮੋਗਾ ਜਤਿੰਦਰ ਸਿੰਘ ਗਰੇਵਾਲ ਨੇ ਕੀਤਾ। ਸਰਕਾਰ ਵੱਲੋਂ ਜਾਰੀ ਕੀਤੀ ਗਈ ਇਸ ਐਡਵਾਈਜ਼ਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਤਲਾਅ ਵਿੱਚ ਪਾਣੀ ਦਾ ਪੱਧਰ 6-7 ਫੁੱਟ ਰੱਖਿਆ ਜਾਵੇ। ਤਾਪਮਾਨ ਦੇ ਘਟਣ ਅਨੁਸਾਰ ਮੱਛੀ ਦੀ ਖੁਰਾਕ ਨੂੰ ਘਟਾਇਆ ਜਾਵੇ। ਜੈਵਿਕ ਖਾਦਾਂ ਦੀ ਵਰਤੋਂ ਨੂੰ ਘਟਾਇਆ ਜਾਂ ਬੰਦ ਕੀਤਾ ਜਾਵੇ। ਸਵੇਰ ਦੇ ਸਮੇਂ ਆਕਸੀਜ਼ਨ ਦੀ ਕਮੀ ਨੂੰ ਪੂਰਾ ਕਰਨ ਲਈ ਤਲਾਅ ਵਿੱਚ ਪਾਣੀ/ਏਰੀਏਟਰ ਦੀ ਵਰਤੋਂ ਕੀਤੀ ਜਾਵੇ। ਤਲਾਬ ਦੇ ਪੀ.ਐੱਚ ਲੈਵਲ ਦੀ ਨਿਯਮਿਤ ਤੌਰ ਤੇ ਚੈਕਿੰਗ ਕੀਤੀ ਜਾਵੇ। ਮੱਛੀ ਪਾਲਕਾਂ ਵੱਲੋਂ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਨੂੰ ਫਾਰਮ ਤੇ ਰੱਖਿਆ ਜਾਵੇ। ਸਰਦੀ ਦੇ ਮੌਸਮ ਵਿੱਚ ਮੱਛੀ ਨੂੰ ਬਿਮਾਰੀ ਲੱਗਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਮੱਛੀ ਨੂੰ ਬਿਮਾਰੀ ਤੋਂ ਬਚਾਉਣ ਲਈ ਤਲਾਅ ਵਿੱਚ ਸੀਫੈਕਸ 400 ਐਮ.ਐਲ ਪ੍ਰਤੀ ਏਕੜ ਜਾਂ ਲਾਲ ਦਵਾਈ 1-2 ਕਿਲੋ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਵੇ। ਮੱਛੀ ਪਾਲਣ ਅਫ਼ਸਰ ਮੋਗਾ ਬਲਜੋਤ ਸਿੰਘ ਮਾਨ ਨੇ ਦੱਸਿਆ ਕਿ ਵਿਭਾਗ ਵੱਲੋਂ ਮੱਛੀ ਪਾਲਕਾਂ ਲਈ ਸਮੇਂ ਸਮੇਂ ਉੱਪਰ ਟ੍ਰੇਨਿਗਾਂ ਵੀ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ, ਤਾਂ ਕਿ ਮੱਛੀ ਪਾਲਣ ਦੇ ਧੰਦੇ ਤੋਂ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਮੇਂ ਸਮੇਂ ਤੇ ਲੋੜ ਅਨੁਸਾਰ ਮੱਛੀ ਪਾਲਕਾਂ ਨੂੰ ਤਕਨੀਕੀ ਸਲਾਹਾਂ ਵੀ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

Check Also

10 ਮਈ ਦੀ ਕੌਮੀ ਲੋਕ ਅਦਾਲਤ ਮੁਲਤਵੀ

ਮੋਗਾ (ਕਮਲ) :- ਵਰਤਮਾਨ ਹਲਾਤਾਂ ਦੇ ਮੱਦੇਨਜਰ 10 ਮਈ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ …

Leave a Reply

Your email address will not be published. Required fields are marked *