ਮੁਹਿੰਮ ਵਿਚ ਭਾਗ ਲੈਣ ਵਾਲੇ ਸਾਰੇ ਸਟਾਫ਼ ਦਾ ਕੰਮ ਸ਼ਲਾਘਾਯੋਗ ਰਿਹਾ – ਡਾ ਰਾਜੇਸ਼ ਅੱਤਰੀ
ਮੋਗਾ (ਕਮਲ) :- ਜ਼ਿਲ੍ਹਾ ਮੋਗਾ ਦੀ 8 ਦਸੰਬਰ ਤੋਂ 10 ਦਸੰਬਰ 2024 ਤੱਕ ਸਬ ਨੈਸ਼ਨਲ ਪਲਸ ਪੋਲੀਓ ਰੋਕੂ ਮੁਹਿੰਮ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਈ। ਤਿੰਨ ਦਿਨਾਂ ਚੱਲੀ ਇਸ ਪੋਲੀਓ ਰੋਕੂ ਮੁਹਿੰਮ ਤਹਿਤ ਮੋਗਾ ਦੇ ਕੁੱਲ 99543 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਜਿਸ ਨਾਲ ਸਤ ਫੀਸਦੀ ਟੀਚਾ ਪੂਰਾ ਕੀਤਾ ਗਿਆ। ਸਿਵਲ ਸਰਜਨ ਮੋਗਾ ਡਾ ਰਜੇਸ਼ ਅੱਤਰੀ ਨੇ ਦੱਸਿਆ ਕਿ ਪਲਸ ਪੋਲੀਓ ਰੋਕੂ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਮਿਤੀ 8 ਦਸੰਬਰ ਨੂੰ 395 ਬੂਥਾਂ ‘ਤੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਅਤੇ 9 ਅਤੇ 10 ਨੂੰ ਸਿਹਤ ਵਿਭਾਗ ਦੀਆਂ 588 ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਏ.ਐਨ.ਐਮ., ਆਸ਼ਾ ਵਰਕਰਾਂ, ਆਂਗਣਵਾੜੀ ਵਰਕਰ ਅਤੇ ਹੋਰ ਵਲੰਟੀਅਰ ਸਿਹਤ ਵਿਭਾਗ ਦਾ ਸਹਿਯੋਗ ਰਿਹਾ। ਡਾਕਟਰ ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਸ ਪੋਲੀਓ ਖਾਤਮਾ ਮੁਹਿੰਮ ਦੌਰਾਨ ਜ਼ਿਲ੍ਹੇ ਅੰਦਰ ਵੱਖ-ਵੱਖ ਬਲਾਕਾਂ ਅਤੇ ਸ਼ਹਿਰੀ ਖੇਤਰ ਵਿੱਚ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਸੀ, ਤਾਂ ਜੋ ਹਰ ਬੱਚੇ ਤੱਕ ਪੋਲੀਓ ਰਹਿਤ ਬੂੰਦਾਂ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ‘ਤੇ 16 ਟਰਾਂਜ਼ਿਟ ਟੀਮਾਂ ਅਤੇ 21 ਮੋਬਾਈਲ ਟੀਮਾ ਵੱਲੋਂ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਲੋੜੀਦੀਆਂ ਮੋਬਾਇਲ ਟੀਮਾਂ ਲਗਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ 79 ਸੁਪਰਵਾਈਜ਼ਰ ਲਗਾਏ ਗਏ ਸਨ। ਉਨ੍ਹਾਂ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਇਸ ਮੁਹਿੰਮ ਦੌਰਾਨ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਹਰਜੀਤ ਸਿੰਘ , ਸ਼ਾਇਨਾ ਦਫ਼ਤਰ ਸਿਵਿਲ ਸਰਜਨ, ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ , ਸ਼ਾਲੂ ਮਰਵਾਹ, ਸੁਮੀਤ ਬਜਾਜ, ਬਲਜੀਤ ਸਿੰਘ ਧਰਮਕੋਟ, ਅੰਮ੍ਰਿਤ ਸ਼ਰਮਾ ਜਿਲਾ ਮੀਡੀਆ, ਅੰਮ੍ਰਿਤ ਸ਼ਰਮਾ ਕੋਆਰਡੀਨੇਟਰ ਵੀ ਹਾਜ਼ਿਰ ਸਨ।