ਭਾਜਪਾ ਹਾਈਕਮਾਂਡ ਬਿੱਟੂ ਦੇ ਬਿਆਨ ਬਾਰੇ ਸਪਸ਼ਟ ਪ੍ਰਤੀਕਰਮ ਦੇਵੇ
ਜਲੰਧਰ (ਅਰੋੜਾ) :- ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਪੰਜਾਬ ਦੇ ਕਿਸਾਨ ਆਗੂਆਂ ਦੀ ਤੁਲਨਾ ਦੁਨੀਆਂ ਭਰ ’ਚ ਬਦਨਾਮ ਦਹਿਸ਼ਤਗਰਦਾਂ ਤਾਲਿਬਾਨ ਨਾਲ ਕਰਨਾ ਜਿੱਥੇ ਅਤੀ ਨਿੰਦਾਜਨਕ ਹੈ ਉੱਥੇ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਵੱਲ ਇਸ਼ਾਰਾ ਵੀ ਕਰਦਾ ਹੈ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਭਾਜਪਾ ਹਾਈਕਮਾਂਡ ਤੋਂ ਮੰਗ ਕੀਤੀ ਕਿ ਇਸ ਬਿਆਨ ਸਬੰਧੀ ਆਪਣਾ ਪੱਖ ਸਪਸ਼ਟ ਕਰੇ। ਇੱਥੇ ਇਹ ਵਰਨਣਯੋਗ ਹੈ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਬੀਤੇ ਦਿਨ ਮੁਕਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਦੀ ਤਾਲਿਬਾਨਾਂ ਨਾਲ ਤੁਲਨਾ ਕਰਦਿਆਂ ਕਿਹਾ ਸੀ ਕਿ ਉਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇਗੀ। ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਆਧਾਰਤ ਸੂਬਾ ਹੈ ਅਤੇ ਦਿੱਲੀ ਵਿਖੇ ਕੀਤੇ ਵੱਡੇ ਕਿਸਾਨ ਅੰਦੋਲਨ ਸਮੇਂ ਪੰਜਾਬ ਦੇ ਕਿਸਾਨ ਆਗੂਆਂ ਨੇ ਮੋਹਰੀ ਭੂਮਿਕਾ ਨਿਭਾਈ ਸੀ ਜਿਸਦੀ ਦੁਨੀਆਂ ਭਰ ਵਿੱਚ ਸਲਾਘਾ ਹੋਈ ਸੀ। ਇਹਨਾਂ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਇਹ ਮੋਰਚਾ ਜਿੱਤਿਆ ਗਿਆ ਸੀ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਲਾਗੂ ਕਰਨ ਤੋਂ ਰੋਕਣ ਲਈ ਕਿਸਾਨ ਜਥੇਬੰਦੀਆਂ ਹਮੇਸ਼ਾਂ ਸੰਘਰਸ਼ ਕਰਦੀਆਂ ਰਹੀਆਂ ਹਨ। ਸੂਬਾ ਸਕੱਤਰ ਨੇ ਕਿਹਾ ਕਿ ਰਵਨੀਤ ਬਿੱਟੂ ਕੋਈ ਆਮ ਵਰਕਰ ਨਹੀਂ ਹੈ, ਉਹ ਕੇਂਦਰ ਸਰਕਾਰ ਦਾ ਵਜ਼ੀਰ ਹੈ ਇਸ ਲਈ ਉਸ ਵੱਲੋਂ ਦਿੱਤਾ ਜਾਣ ਵਾਲਾ ਬਿਆਨ ਕੇਂਦਰ ਸਰਕਾਰ ਦੀ ਨੀਤੀ ਦਾ ਹਿੱਸਾ ਹੀ ਮੰਨਿਆ ਜਾਵੇਗਾ। ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣਾ ਜਾਂ ਨਾ ਕਰਵਾਉਣਾ ਸਰਕਾਰ ਦਾ ਕੰਮ ਹੈ, ਪਰ ਕਿਸਾਨ ਆਗੂਆਂ ਨੂੰ ਤਾਲਿਬਾਨੀ ਕਹਿਣਾ ਨਿਖੇਧੀਯੋਗ ਹੈ। ਇਸ ਬਿਆਨ ਵਿੱਚੋਂ ਕਿਸਾਨ ਆਗੂਆਂ ਤੇ ਤਾਲਿਬਾਨ ਦਹਿਸਤਗਰਦਾਂ ਵਾਂਗ ਪਾਬੰਦੀਆਂ ਲਾ ਕੇ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਦੀ ਸਾਜਿਸ਼ ਦੀ ਬੋਅ ਆਉਂਦੀ ਹੈ। ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਇਸ ਰਾਜ ਵਿੱਚ ਸਾਂਤੀ ਰੱਖਣੀ ਜਰੂਰੀ ਹੈ, ਪਰ ਰਵਨੀਤ ਬਿੱਟੂ ਦਾ ਬਿਆਨ ਅਸਾਂਤੀ ਫੈਲਾਉਣ ਵਾਲਾ ਹੈ। ਉਹਨਾਂ ਭਾਜਪਾ ਦੀ ਹਾਈਕਮਾਂਡ ਤੋਂ ਵੀ ਮੰਗ ਕੀਤੀ ਕਿ ਪਾਰਟੀ ਪੱਧਰ ਤੇ ਇਸ ਬਿਆਨ ਬਾਰੇ ਆਪਣਾ ਪ੍ਰਤੀਕਰਮ ਸਪਸ਼ਟ ਕਰੇ।