ਡਾਂਗੀਆ, ਢੁੱਡੀਕੇ, ਲੰਡੇਕੇ, ਘੱਲ ਕਲਾਂ ਪਿੰਡਾਂ ਦੇ ਲੋਕਾਂ ਵਿੱਚ ਫੈਲਾਈ ਜਾਗਰੂਕਤਾ-ਦਵਿੰਦਰ ਸਿੰਘ ਲੋਟੇ
ਮੋਗਾ (ਕਮਲ) :- ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਵੱਲੋਂ ਸਾਲ 2024-25 ਦੌਰਾਨ ਅਡਾਪਟ ਕੀਤੇ ਪਿੰਡਾਂ ਵਿੱਚ ਅੱਜ ਐੱਚ.ਆਈ.ਵੀ./ਏਡਜ਼ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਐੱਮ.ਐੱਲ.ਐੱਮ. ਨਰਸਿੰਗ ਕਾਲਜ ਮੋਗਾ ਦੀ ਰੈੱਡ ਰਿਬਨ ਕਲੱਬ ਵੱਲੋਂ ਢੁੱਡੀਕੇ ਪਿੰਡ ਵਿੱਚ, ਗੁਰੂ ਨਾਨਕ ਕਾਲਜ ਮੋਗਾ ਵਿੱਚ ਕੰਮ ਕਰ ਰਹੀ ਰੈੱਡ ਰਿਬਨ ਕਲੱਬ ਵੱਲੋਂ ਅਡਾਪਟ ਕੀਤੇ ਪਿੰਡ ਲੰਡੇਕੇ ਵਿੱਚ, ਐੱਮ.ਐੱਲ.ਐੱਮ. ਟੈਕਨੀਕਲ ਕਾਲਜ ਮੋਗਾ ਦੀ ਰੈੱਡ ਰਿਬਨ ਕਲੱਬ ਵੱਲੋਂ ਡਾਂਗੀਆ ਪਿੰਡ ਵਿੱਚ, ਡੀ. ਐੱਮ. ਕਾਲਜ ਆਫ ਐਜ਼ੂਕੇਸ਼ਨ ਵਿੱਚ ਕੰਮ ਕਰ ਰਹੀ ਰੈੱਡ ਰਿਬਨ ਕਲੱਬ ਵੱਲੋਂ ਅਡਾਪਟ ਕੀਤੇ ਪਿੰਡ ਘੱਲ ਕਲਾਂ ਵਿੱਚ ਐੱਚ.ਆਈ.ਵੀ./ਏਡਜ਼ ਅਤੇ ਨਸ਼ਿਆਂ ਵਿਰੁੱਧ ਸੈਮੀਨਾਰ ਅਤੇ ਰੈਲੀਆਂ ਕੱਢੀਆਂ ਗਈਆਂ। ਇਹਨਾਂ ਸੈਮੀਨਾਰਾਂ ਦੌਰਾਨ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮੋਗਾ ਨੇ ਆਪਣੇ ਭਾਸ਼ਣ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਚ.ਆਈ.ਵੀ./ਏਡਜ਼ ਇੱਕ ਭਿਆਨਕ ਬਿਮਾਰੀ ਹੈ ਅਤੇ ਇਸ ਬਿਮਾਰੀ ਤੋਂ ਜਾਗਰੂਕ ਹੋ ਕੇ ਹੀ ਬਚਿਆ ਜਾ ਸਕਦਾ ਹੈ।
ਐੱਚ.ਆਈ.ਵੀ./ਏਡਜ਼ ਸਬੰਧੀ ਜਾਗਰੁਕਤਾ ਪ੍ਰੋਗਰਾਮ ਦੇ ਨਾਲ ਨਾਲ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ। ਵਿਦਿਆਰਥੀਆਂ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਸ਼ਣ ਦਿੱਤੇ ਗਏ। ਬੁਲਾਰਿਆਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਅਲਾਮਤਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਅਤੇ ਤਰਨਜੀਤ ਕੌਰ ਸਟੈਨੋ ਨੇ ਇਸ ਰੈਲੀ ਵਿੱਚ ਸ਼ਾਮਲ ਹੋ ਕੇ ਵਿਦਿਆਰਥੀਆਂ ਦਾ ਹੌਸਲਾ ਅਫਜ਼ਾਈ ਕੀਤੀ। ਇੱਥੇ ਦਵਿੰਦਰ ਸਿੰਘ ਲੋਟੇ ਵੱਲੋਂ ਦੱਸਿਆ ਗਿਆ ਕਿ ਵਿਭਾਗ ਅਧੀਨ ਕੰਮ ਕਰ ਰਹੀਆਂ ਬਾਕੀ ਰਹਿੰਦੀਆਂ ਰੈੱਡ ਰਿਬਨ ਕਲੱਬਾਂ ਵੱਲੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਕਰਵਾਏ ਜਾਣੇ ਹਨ ਤਾਂ ਕਿ ਆਮ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਇਲਾਜ ਬਾਰੇ ਸਹੀ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਕੀਤੀ ਜਾ ਸਕੇ।